ਚੰਡੀਗੜ੍ਹ PGI ਚ ਟੀਕਾ ਲਾਉਣ ਵਾਲਾ ਫੜਿਆ, ਮਹਿਲਾ ਮਰੀਜ਼ ਦੇ ਭਰਾ ਨੇ ਪੈਸੇ ਦੇ ਕੇ ਭੇਜੀ ਸੀ ਕੁੜੀ
Amritpal Singh
November 21st 2023 08:42 PM
Punjab News: ਚੰਡੀਗੜ੍ਹ ਪੀਜੀਆਈ ਵਿੱਚ ਇੱਕ ਔਰਤ ਨੂੰ ਫਰਜ਼ੀ ਸਟਾਫ਼ ਦੱਸ ਕੇ ਟੀਕਾ ਲਾਉਣ ਦੇ ਮਾਮਲੇ ਵਿੱਚ ਪੁਲੀਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਕਾ ਲਗਾਉਣ ਵਾਲੀ ਔਰਤ ਦੀ ਪਛਾਣ ਜਸਪ੍ਰੀਤ ਕੌਰ ਵਾਸੀ ਸੰਗਰੂਰ ਵਜੋਂ ਹੋਈ ਹੈ। ਉਹ ਪਟਿਆਲਾ ਵਿੱਚ ਕੇਅਰਟੇਕਰ ਵਜੋਂ ਕੰਮ ਕਰਦੀ ਸੀ। ਪੁਲਿਸ ਨੇ ਉਸ ਨੂੰ ਸੰਗਰੂਰ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ।
ਰਾਜਪੁਰਾ ਦੀ ਰਹਿਣ ਵਾਲੀ ਮਹਿਲਾ ਮਰੀਜ਼ ਦੇ ਭਰਾ ਜਸਮੀਤ ਸਿੰਘ ਨੇ ਜਸਪ੍ਰੀਤ ਕੌਰ ਨੂੰ ਟੀਕਾ ਲਗਾਉਣ ਲਈ ਪੈਸੇ ਦੇ ਕੇ ਭੇਜਿਆ ਸੀ। ਉਸ ਨੇ ਇਹ ਟੀਕੇ ਆਪਣੇ ਸਾਥੀ ਬੂਟਾ ਸਿੰਘ ਵਾਸੀ ਰਾਜਪੁਰਾ ਅਤੇ ਮਨਦੀਪ ਸਿੰਘ ਵਾਸੀ ਪਟਿਆਲਾ ਤੋਂ ਖਰੀਦੇ ਸਨ। ਦੋਵਾਂ ਨੇ ਇਹ ਟੀਕੇ ਰਾਜਪੁਰਾ ਦੇ ਹਸਪਤਾਲ ਵਿੱਚ ਕੰਮ ਕਰਦੇ ਆਪਣੇ ਇੱਕ ਸਾਥੀ ਤੋਂ ਲਏ ਸਨ।
ਇਸ ਦੌਰਾਨ ਘਟਨਾ ਤੋਂ ਬਾਅਦ ਮਹਿਲਾ ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਆਈਸੀਯੂ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਮਹਿਲਾ ਮਰੀਜ਼ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਸੀ।