Punjab Weather News : ਸੰਘਣੀ ਧੁੰਦ ਦੀ ਚਾਦਰ 'ਚ ਲਿਪਟਿਆ ਪੰਜਾਬ, ਜ਼ੀਰੋ ਵਿਜ਼ੀਬਿਲਟੀ ਨਾਲ ਆਵਾਜਾਈ ਪ੍ਰਭਾਵਤ, ਜਾਣੋ ਕਦੋਂ ਪੈ ਸਕਦਾ ਹੈ ਮੀਂਹ
Punjab Weather News : ਉੱਤਰ ਭਾਰਤ 'ਚ ਮੌਸਮ ਲਗਾਤਾਰ ਕਰਵਟ ਲੈ ਰਿਹਾ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਠੰਢ ਜ਼ੋਰ ਫੜਦੀ ਜਾ ਰਹੀ ਹੈ। ਪੰਜਾਬ ਵਿੱਚ ਸੰਘਣੀ ਧੁੰਦ ਪੂਰੀ ਤਰ੍ਹਾਂ ਛਾ ਗਈ ਹੈ। ਪਿੰਡਾਂ ਦੇ ਨਾਲ ਸ਼ਹਿਰਾਂ ਵਿੱਚ ਵੀ ਜ਼ੀਰੋ ਵਿਜ਼ੀਬਿਲਟੀ ਦਾ ਅਸਰ ਵਿਖਾਈ ਦੇ ਰਿਹਾ ਹੈ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹੈ ਅਤੇ ਆਮ ਜਨਜੀਵਨ 'ਤੇ ਵੀ ਪ੍ਰਭਾਵ ਪਿਆ ਹੈ।
ਮੌਸਮ ਵਿਭਾਗ ਅਨੁਸਾਰ, ਅੱਜ ਅਤੇ ਕੱਲ੍ਹ ਲਈ ਸੰਘਣੀ ਧੁੰਦ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ, ਹਵਾ ਦੀ ਗਤੀ ਥੋੜ੍ਹੀ ਵਧੀ ਹੈ, ਜਿਸ ਨਾਲ ਪ੍ਰਦੂਸ਼ਣ ਅਤੇ ਧੁੰਦ ਵਿੱਚ ਥੋੜ੍ਹੀ ਕਮੀ ਆਈ ਹੈ। ਇੱਕ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ, ਜਿਸ ਕਾਰਨ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਹੈ।
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਲਈ ਸੰਘਣੀ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਕਈ ਜਿਲਿਆਂ ਲਈ ਰੈਡ ਅਲਰਟ ਵੀ ਹੈ ਪਰ ਬਾਵਜੂਦ ਇਸਦੇ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਜਰੂਰਤ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 20 ਤੋਂ 22 ਤਰੀਕ ਤੱਕ ਅਨਦਰ ਡਿਸਟਰਿਕਟ ਵਿੱਚ ਬਾਰਿਸ਼ ਦੀ ਵੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਦਿਨ ਸਮੇਂ ਟੈਂਪਰੇਚਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਧੀ ਠੰਡ ਅਤੇ ਧੁੰਦ ਦੇ ਕਾਰਨ ਲੋਕਾਂ ਨੂੰ ਵੀ ਟਰੈਵਲ ਕਰਨ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੈ।
ਬੀਤੇ 24 ਘੰਟਿਆਂ ਦਰਮਿਆਨ ਮੌਸਮ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਹੋਇਆ ਹੈ। ਨਵਾਂਸ਼ਹਿਰ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਹਾ। ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਧੁੰਦ ਦਾ ਸਭ ਤੋਂ ਵੱਧ ਪੱਧਰ ਦਰਜ ਕੀਤਾ ਗਿਆ। ਇਸ ਦੌਰਾਨ, ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਵਧਦੇ ਪ੍ਰਦੂਸ਼ਣ ਦਾ ਖੁਦ ਨੋਟਿਸ ਲਿਆ ਹੈ ਅਤੇ ਇਸ ਸਬੰਧ ਵਿੱਚ ਰਿਪੋਰਟ ਮੰਗੀ ਹੈ। ਹਾਲਾਂਕਿ, ਚੰਡੀਗੜ੍ਹ ਮੌਸਮ ਵਿਭਾਗ ਪਹਿਲਾਂ ਹੀ ਮੌਸਮ ਸੰਬੰਧੀ ਸਲਾਹ ਜਾਰੀ ਕਰ ਚੁੱਕਾ ਹੈ।
ਕਦੋਂ ਪਵੇਗਾ ਮੀਂਹ ?
20 ਤੋਂ 22 ਦਸੰਬਰ ਦੇ ਵਿਚਕਾਰ ਰਾਜ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 18 ਤੋਂ 19 ਦਸੰਬਰ ਅਤੇ 23 ਤੋਂ 24 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ। ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਰਹੇਗਾ, ਜਿਸ ਤੋਂ ਬਾਅਦ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ।
- PTC NEWS