ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਦਾ ਹੋਇਆ ਬੁਰਾ ਹਾਲ, ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ ਨੂੰ ਕਰਨਾ ਪੈਂਦਾ ਪ੍ਰੇਸ਼ਾਨੀ ਦਾ ਸਾਹਮਣਾ

By  Jasmeet Singh May 4th 2022 06:53 PM -- Updated: May 4th 2022 07:49 PM

ਸ੍ਰੀ ਅੰਮ੍ਰਿਤਸਰ ਸਾਹਿਬ, 4 ਮਈ: ਪਵਿੱਤਰ ਸ਼ਹਿਰ ਅੰਮ੍ਰਿਤਸਰ ਨੇੜੇ ਸਥਿਤ ਇੰਟਰਨੈਸ਼ਨਲ ਹਵਾਈ ਅੱਡਾ ਜਿੱਥੇ ਕਿ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਹਨ। ਪਰ ਅੱਜ ਹਾਲਾਤ ਇੰਜ ਬਣ ਚੁੱਕੇ ਨੇ ਕਿ ਇਹ ਏਅਰਪੋਰਟ ਕਿਤੋਂ ਵੀ ਕੌਮਾਂਤਰੀ ਹੋਣ ਦਾ ਆਪਣਾ ਮਾਣ ਖੋਹ ਚੁੱਕਿਆ ਹੈ। ਇਹ ਵੀ ਪੜ੍ਹੋ: Cannes Covid protocol: ਮਾਸਕ, ਟੈਸਟ ਲਾਜ਼ਮੀ ਨਹੀਂ ਹੋਵੇਗਾ ਸ਼ਰਧਾਲੂ ਇਸ ਲਈ ਵੀ ਪਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਏਅਰਪੋਰਟ 'ਤੇ ਨਾ ਪੀਣ ਦਾ ਪਾਣੀ ਉਪਲਬਧ ਹੈ ਨਾ ਹੀ ਖਾਣ ਨੂੰ ਖਾਣਾ। ਏਅਰਪੋਰਟ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਬਹੁਤ ਢਿੱਲੀ ਪੈਂਦੀ ਵਿਖਾਈ ਦੇ ਰਹੀ ਹੈ। ਹਾਲਾਤ ਇਹ ਹਨ ਕਿ ਏਅਰਪੋਰਟ ਦੇ ਅੰਦਰ ਕਬੂਤਰਾਂ ਵੱਲੋਂ ਡੇਰੇ ਲਗਾਏ ਜਾ ਚੁੱਕੇ ਨੇ, ਜਿੱਥੇ ਪੈਸੇਂਜਰ ਨੇ ਬੈਠਣਾ ਹੁੰਦਾ ਉਹਦੇ ਉੱਤੇ ਕਬੂਤਰ ਬਿੱਠਾਂ ਕਰਦੇ ਨੇ ਤੇ ਗੰਦਗੀ ਫੈਲਾਉਂਦੇ ਰਹਿੰਦੇ। ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਜਿੱਥੇ ਕੋਈ ਪਰਿੰਦਾ ਪਰ ਨਾ ਮਾਰ ਸਕੇ, ਨਾ ਜਾਣੇ ਏਅਰਪੋਰਟ ਪ੍ਰਸ਼ਾਸਨ ਕਿਹੜੀ ਨੀਂਦਰੇ ਸੁੱਤਾ ਪਿਆ ਕਿ ਹਵਾਈ ਅੱਡੇ ਦੇ ਅੰਦਰ ਕਬੂਤਰਾਂ ਨੇ ਮਹਿਫ਼ਲਾਂ ਸਜਾਈਆਂ ਹੋਈਆਂ। ਸਭ ਤੋਂ ਵੱਧ ਦਿੱਕਤ ਯਾਤਰੂਆਂ ਨੂੰ ਝੱਲਣੀ ਪੈ ਰਹੀ ਹੈ। ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੈ ਅਤੇ ਜੇਕਰ ਪਾਣੀ ਮਿਲਦਾ ਹੈ ਤਾਂ ਉਸ ਦੀ ਕੀਮਤ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਹਵਾਈ ਅੱਡੇ ਅੰਦਰ ਵੀ ਮੱਛਰਾਂ ਦੀ ਭਰਮਾਰ ਹੋਈ ਪਈ ਹੈ। ਹਾਲਾਂਕਿ ਇਸ ਸਬੰਧੀ ਪੱਤਰਕਾਰਾਂ ਵੱਲੋਂ ਜਦੋਂ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਦੁਖੜੇ ਫਰੋਲੇ, ਉਨ੍ਹਾਂ ਕਿਹਾ ਕਿ ਅਸੀਂ ਹਜ਼ਾਰਾਂ ਰੁਪਏ ਦੀ ਟਿਕਟ ਲੈ ਕੇ ਇੱਥੋਂ ਜਾਂਦੇ ਹਾਂ ਪਰ ਏਅਰਪੋਰਟ ਦੇ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਜਾਂਦੇ। ਯਾਤਰੀਆਂ ਦਾ ਕਹਿਣਾ ਸੀ ਕਿ ਕਈ ਵਾਰ ਫਲਾਈਟ ਲੇਟ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਈ ਘੰਟੇ ਬੈਠਣਾ ਪੈਂਦਾ ਹੈ ਪਰ ਇੱਥੇ ਕੋਈ ਵੀ ਖਾਣ-ਪੀਣ ਦੀ ਦੁਕਾਨ ਨਹੀਂ ਹੈ ਅਤੇ ਪਾਣੀ ਵੀ ਬਹੁਤ ਭਾਰੀ ਕੀਮਤ ਤੇ ਲੈਣਾ ਪੈਂਦਾ ਹੈ। ਇਹ ਵੀ ਪੜ੍ਹੋ: ਊਰਜਾ ਮੰਤਰਾਲੇ ਨੇ ਦਿੱਤੀ ਕੋਲਾ ਆਯਾਤ ਦੀ ਸਲਾਹ; ਪੰਜਾਬ, ਹਰਿਆਣਾ 'ਤੇ ਪਵੇਗਾ 800 ਤੋਂ 1200 ਕਰੋੜ ਦਾ ਵਿੱਤੀ ਬੋਝ ਲੋੜ ਹੈ ਏਅਰਪੋਰਟ ਪ੍ਰਸਾਸ਼ਨ ਨੂੰ ਇਸ ਵੱਲ ਧਿਆਨ ਦੇਣ ਦੀ ਕਿਉਂਕਿ ਸੁਰੱਖਿਆ ਦੇ ਨਾਤੇ ਜੇਕਰ ਅਸੀਂ ਗੱਲ ਕਰੀਏ ਤਾਂ ਕੋਈ ਵੀ ਕਬੂਤਰ ਹਵਾਈ ਜਹਾਜ਼ ਦੇ ਨਾਲ ਟਕਰਾ ਸਕਦਾ ਤੇ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਆਉਣ ਵਾਲੇ ਸਮੇਂ 'ਚ ਕੋਈ ਵੱਡਾ ਹਾਦਸਾ ਨਾ ਹੋਵੇ ਇਸ ਕਰ ਕੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਦੀ ਸਖ਼ਤ ਲੋੜ ਹੈ। -PTC News

Related Post