ਸੁਰੱਖਿਆ ਮੁੱਦੇ 'ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਪਹੁੰਚੇ ਸੀ.ਐੱਮ ਭਗਵੰਤ ਸਿੰਘ ਮਾਨ, ਮਨਾਉਣ ਦੀ ਕੋਸ਼ਿਸ਼

By  Jasmeet Singh June 5th 2022 03:25 PM -- Updated: June 5th 2022 04:52 PM

ਸ੍ਰੀ ਅੰਮ੍ਰਤਿਸਰ ਸਾਹਿਬ, 6 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਗੁਰੂ ਨਗਰੀ ਸ੍ਰੀ ਅੰਮ੍ਰਤਿਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਖਾਸ ਮੁਲਾਕਾਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘੱਲੂਘਾਰਾ ਸਪਤਾਹ ਨੂੰ ਮੁੱਖ ਰੱਖਦੇ ਜਿੱਥੇ ਪੰਜਾਬ ਸਰਕਾਰ ਨੇ 424 ਵੀਵੀਆਈਪੀਜ਼ ਤੋਂ ਸਰਕਾਰੀ ਸੁਰੱਖਿਆ ਵਾਪਿਸ ਲੈ ਲਈ ਸੀ ਜਾਂ ਘਟਾ ਦਿੱਤੀ ਸੀ ਉਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਵੀ ਸ਼ਾਮਿਲ ਸਨ।

ਇਹ ਵੀ ਪੜ੍ਹੋ: ASI ਨੇ ਖੁਦ ਨੂੰ ਮਾਰੀ ਗੋਲੀ, ਸਥਿਤੀ ਨਾਜ਼ੁਕ

ਸੁਰੱਖਿਆ ਕਟੌਤੀ ਦੇ ਮੁੱਦੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਰਹਿੰਦੀ ਸੁਰੱਖਿਆ ਵੀ ਵਾਪਿਸ ਲੈਣ ਦੀ ਸਲਾਹ ਦਿੰਦਿਆਂ ਸਰਕਾਰ ਦੇ ਰਹਿੰਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਵਾਪਿਸ ਭੇਜ ਦਿੱਤਾ ਸੀ। ਜਿਸਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੂੰ 'ਜ਼ੈੱਡ' ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਪ੍ਰਸਤਾਵ ਦਿੱਤਾ ਗਿਆ ਲੇਕਿਨ ਉਨ੍ਹਾਂ ਕੇਂਦਰ ਦੇ ਪ੍ਰਸਤਾਵ ਨੂੰ ਵੀ ਨਿਮਰਤਾ ਸਹਿਤ ਠੁਕਰਾ ਦਿੱਤਾ ਸੀ।

ਸਿੰਘ ਸਾਹਿਬ ਦੀ ਸੁਰੱਖਿਆ 'ਚ ਕਟੌਤੀ ਤੋਂ ਬਾਅਦ ਮਾਨ ਸਰਕਾਰ ਨੂੰ ਪੰਥ ਦਾ ਵਿਰੋਧ ਸਹਿਣਾ ਪੈ ਰਿਹਾ ਹੈ, ਜਿਵੇਂ ਹੀ ਸਰਕਾਰ ਵੱਲੋਂ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਜਥੇਦਾਰ ਅਕਾਲ ਤਖ਼ਤ ਵੱਲੋਂ ਰਹਿੰਦੀ ਸੁਰੱਖਿਆ ਇਹ ਕਹਿ ਕੇ ਮੋੜ ਦਿੱਤੀ ਗਈ ਸੀ ਕਿ ਪੰਜਾਬ ਦੇ ਗੱਭਰੂ ਨੌਜਵਾਨ ਉਨ੍ਹਾਂ ਦੀ ਸੁਰੱਖਿਆ ਕਰਨ ਦੇ ਕਾਬਿਲ ਹਨ। ਇਸ ਤੋਂ ਬਾਅਦ ਹੀ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੇ ਹਥਿਆਰਬੰਦ ਟਾਸਕ ਫੋਰਸ ਮੁਲਾਜ਼ਮਾਂ ਨੂੰ ਸਿੰਘ ਸਾਹਿਬ ਦੀ ਸੁਰੱਖਿਆ 'ਤੇ ਨਿਯੁਕਤ ਕਰ ਦਿੱਤਾ ਸੀ।

ਹਾਲਾਂਕਿ ਕਿ ਵਿਰੋਧ ਸਹਿਣ ਦੇ 24 ਘੰਟਿਆਂ ਵਿਚ ਮਾਨ ਸਰਕਾਰ ਨੇ ਸਿੰਘ ਸਾਹਿਬ ਦੀ ਸੁਰੱਖਿਆ ਬਹਾਲ ਕਰ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਇਹ ਕਬੂਲੀ ਨਹੀਂ ਗਈ ਅਤੇ ਹੁਣ ਕੇਂਦਰ ਦੇ ਪ੍ਰਸਤਾਵ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਨ ਸਰਕਾਰ ਦੀਆਂ ਨੀਂਦਾਂ ਉੱਡੀ ਪਈ ਹੈ ਅਤੇ ਹੁਣ ਉਹ ਸਿੰਘ ਸਾਹਿਬ ਨੂੰ ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਸੁਰੱਖਿਆ ਨੂੰ ਲੈਣ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹੋਏ ਹਨ।

ਇਹ ਵੀ ਪੜ੍ਹੋ: ਕਮਲਦੀਪ ਕੌਰ ਰਾਜੋਆਣਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਸੂਤਰਾਂ ਮੁਤਾਬਕ ਮੀਟਿੰਗ 'ਚ ਸੁਰਖਿਆ ਵਾਪਿਸ ਲੈਣ ਸਬੰਧੀ ਮੁੱਖ ਮੰਤਰੀ ਵੱਲੋਂ ਸਿੰਘ ਸਾਹਿਬ ਨੂੰ ਸਪਸ਼ਟੀਕਰਨ ਦਿੱਤਾ ਗਿਆ, ਇਸ ਖਾਸ ਇਕਤੱਰਤਾ ਮੌਕੇ ਮੁੱਖ ਮੰਤਰੀ ਨਾਲ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਵੀ ਪਹੁੰਚੇ ਸਨ ਪਰ ਉਨ੍ਹਾਂ ਨੂੰ ਮੀਟਿੰਗ 'ਚ ਸ਼ਾਮਿਲ ਨਹੀਂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਹੋਈਆਂ ਗਲਾਂ ਬਾਤਾਂ ਨੂੰ ਪੂਰੀ ਤਰ੍ਹਾਂ ਖ਼ੁਫ਼ੀਆ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ, ਜਿਸ ਕਰਕੇ ਕਿਸੀ ਵੀ ਧਾਰਮਿਕ ਜਾਂ ਰਾਜਨੀਤਿਕ ਸ਼ਖ਼ਸੀਅਤ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।

-PTC News

Related Post