ਲੇਖਕ ਸਲਮਾਨ ਰਸ਼ਦੀ 'ਤੇ ਹੋਇਆ ਜਾਨਲੇਵਾ ਹਮਲਾ, ਸਰਜਰੀ ਤੋਂ ਬਾਅਦ ਵੈਂਟੀਲੇਟਰ 'ਤੇ, ਬੋਲਣ ਤੋਂ ਹਨ ਅਸਮਰੱਥ

By  Riya Bawa August 13th 2022 07:30 AM -- Updated: August 13th 2022 07:32 AM

Salman Rushdie Attack: ਮਸ਼ਹੂਰ ਲੇਖਕ ਸਲਮਾਨ ਰਸ਼ਦੀ ਨੂੰ ਨਿਊਯਾਰਕ ਵਿੱਚ ਹਮਲੇ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਮਲਾਵਰ ਵੱਲੋਂ ਗਰਦਨ ਅਤੇ ਪੇਟ ਵਿੱਚ ਚਾਕੂ ਮਾਰਨ ਤੋਂ ਬਾਅਦ ਉਹ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਵੈਂਟੀਲੇਟਰ 'ਤੇ ਹਨ। ਜਾਣਕਾਰੀ ਦੇ ਮੁਤਾਬਕ ਸਲਮਾਨ ਦੇ ਬੁੱਕ ਏਜੰਟ ਦੇ ਹਵਾਲੇ ਨਾਲ ਖਬਰ ਹੈ ਕਿ ਹਮਲੇ ਤੋਂ ਬਾਅਦ ਉਨ੍ਹਾਂ ਦੀ ਇਕ ਅੱਖ ਵੀ ਜਾ ਸਕਦੀ ਹੈ।

ਦੂਜੇ ਪਾਸੇ ਨਿਊਯਾਰਕ ਪੁਲਿਸ ਨੇ ਸਲਮਾਨ ਰਸ਼ਦੀ 'ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਪਛਾਣ ਕਰ ਲਈ ਹੈ। ਨਿਊਯਾਰਕ ਪੁਲਿਸ ਨੇ ਦੱਸਿਆ ਕਿ ਹਮਲਾਵਰ ਦਾ ਨਾਮ ਹਾਦੀ ਮਾਤਰ ਹੈ ਅਤੇ ਉਹ ਅਮਰੀਕਾ ਦੇ ਨਿਊਜਰਸੀ ਦੇ ਫੇਅਰਵਿਊ ਦਾ ਵਸਨੀਕ ਹੈ। ਹਾਲਾਂਕਿ ਹਮਲਾਵਰ ਨੇ ਕਿਸ ਮਕਸਦ ਨਾਲ ਹਮਲਾ ਕੀਤਾ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਪੁਲਿਸ ਨੇ ਕਿਹਾ ਕਿ ਰਸ਼ਦੀ ਵੈਂਟੀਲੇਟਰ 'ਤੇ ਹੈ ਅਤੇ ਘੰਟਿਆਂ ਦੀ ਸਰਜਰੀ ਤੋਂ ਬਾਅਦ ਬੋਲਣ ਤੋਂ ਅਸਮਰੱਥ ਹੈ। ਇਸ ਦੌਰਾਨ ਉਨ੍ਹਾਂ 'ਤੇ ਹੋਏ ਹਮਲੇ ਦੀ ਦੁਨੀਆ ਭਰ ਦੇ ਲੇਖਕਾਂ ਅਤੇ ਸਿਆਸਤਦਾਨਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਰਸ਼ਦੀ ਦੇ ਬੁੱਕ ਏਜੰਟ ਐਂਡਰਿਊ ਵਾਇਲੀ ਨੇ ਇੱਕ ਈ-ਮੇਲ ਸੰਦੇਸ਼ ਵਿੱਚ ਕਿਹਾ ਕਿ "ਖ਼ਬਰ ਚੰਗੀ ਨਹੀਂ ਹੈ, ਸਲਮਾਨ ਦੀ ਇੱਕ ਅੱਖ ਗੁਆਉਣ ਦੀ ਸੰਭਾਵਨਾ ਹੈ।" ਉਹਨਾਂ ਦੀ ਬਾਂਹ ਦੀਆਂ ਨਾੜਾਂ ਵੀ ਟੁੱਟ ਗਈਆਂ ਹਨ।

ਸ਼ੁੱਕਰਵਾਰ ਨੂੰ ਅਮਰੀਕਾ ਦੇ ਨਿਊਯਾਰਕ 'ਚ ਇਕ ਸਮਾਗਮ ਦੌਰਾਨ ਇਕ ਵਿਅਕਤੀ ਨੇ ਅੰਗਰੇਜ਼ੀ ਭਾਸ਼ਾ ਦੇ ਮਸ਼ਹੂਰ ਲੇਖਕ ਸਲਮਾਨ ਰਸ਼ਦੀ 'ਤੇ ਹਮਲਾ ਕਰ ਦਿੱਤਾ ਸੀ। ਮੀਡਿਆ ਦੇ ਮੁਤਾਬਿਕ ਪੱਛਮੀ ਨਿਊਯਾਰਕ ਵਿੱਚ ਚੌਟਾਉਕਾ ਇੰਸਟੀਚਿਊਟ ਵਿੱਚ ਇੱਕ ਸਮਾਗਮ ਦੌਰਾਨ ਸਲਮਾਨ ਰਸ਼ਦੀ ਆਪਣਾ ਲੈਕਚਰ ਸ਼ੁਰੂ ਕਰਨ ਵਾਲੇ ਸਨ ਕਿ ਇੱਕ ਵਿਅਕਤੀ ਸਟੇਜ 'ਤੇ ਚੜ੍ਹ ਗਿਆ ਅਤੇ ਰਸ਼ਦੀ ਨੂੰ ਮੁੱਕਾ ਅਤੇ ਚਾਕੂ ਮਾਰ ਦਿੱਤਾ।

ਜਿਵੇਂ ਹੀ ਹਮਲਾਵਰ ਨੇ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹਮਲਾ ਕੀਤਾ ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਹਿਰਾਸਤ 'ਚ ਲੈ ਲਿਆ। ਦੱਸ ਦਈਏ ਕਿ ਰਸ਼ਦੀ ਦੀ ਵਿਵਾਦਿਤ ਕਿਤਾਬ 'ਦ ਸੈਟੇਨਿਕ ਵਰਸੇਜ਼' ਈਰਾਨ 'ਚ 1988 ਤੋਂ ਬੈਨ ਹੈ। ਬਹੁਤ ਸਾਰੇ ਮੁਸਲਮਾਨਾਂ ਦਾ ਮੰਨਣਾ ਹੈ ਕਿ ਰਸ਼ਦੀ ਨੇ ਇਸ ਕਿਤਾਬ ਰਾਹੀਂ ਈਸ਼ਨਿੰਦਾ ਕੀਤਾ ਹੈ। ਨਿਊਯਾਰਕ ਪੁਲਿਸ ਨੇ ਕਿਹਾ ਕਿ ਸਲਮਾਨ ਰਸ਼ਦੀ ਨੂੰ ਸਟੇਜ 'ਤੇ ਹਮਲੇ 'ਚ ਗਰਦਨ 'ਤੇ ਸੱਟ ਲੱਗੀ ਹੈ। ਪੁਲਸ ਨੇ ਦੱਸਿਆ ਕਿ ਉਸ ਨੂੰ ਹੈਲੀਕਾਪਟਰ ਰਾਹੀਂ ਲਿਜਾਇਆ  ਹਸਪਤਾਲ ਲਿਜਾਇਆ ਗਿਆ।

Related Post