ਬਰਨਾਲਾ: ਹੰਡਿਆਇਆ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ 'ਚ ਹੋਈ ਝੜਪ, ਦਿੱਤੀ ਦੁਕਾਨਾਂ ਨੂੰ ਅੱਗ ਲਗਾਉਣ ਦੀ ਧਮਕੀ

By  Joshi April 2nd 2018 04:54 PM -- Updated: May 12th 2018 01:34 PM

ਬਰਨਾਲਾ: ਹੰਡਿਆਇਆ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ 'ਚ ਹੋਈ ਝੜਪ, ਦਿੱਤੀ ਦੁਕਾਨਾਂ ਨੂੰ ਅੱਗ ਲਗਾਉਣ ਦੀ ਧਮਕੀ

ਐਸ.ਸੀ/ਐਸ.ਟੀ ਐਕਟ ਦੀਆਂ ਧਾਰਵਾਂ ਵਿੱਚ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਨਰਮੀ ਦੇ ਰੋਹ 'ਚ ਅੱਜ ਦਲਿਤਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਤਹਿਤ ਬਰਨਾਲਾ ਸ਼ਹਿਰ ਅੰਦਰ ਵੀ ਪੂਰਨ ਬੰਦ ਦਾ ਅਸਰ ਦੇਖਣ ਨੂੰ ਮਿਲਿਆ।

ਜਿਲ੍ਹੇ ਦੇ ਕਸਬਾ ਹੰਡਿਆਇਆ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਦੀ ਆਪਸ ਵਿੱਚ ਹਲਕੀ ਝੜਪ ਵੀ ਹੋਈ। ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਦਲਿਤ ਪਦਰਸ਼ਨਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਦੁਕਾਨਾਂ ਬੰਦ ਕਰਨ ਸਬੰਧੀ ਕਿਹਾ ਗਿਆ ਅਤੇ ਜਦ ਉਹਨਾਂ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਧਰਨਕਾਰੀਆਂ ਵੱਲੋਂ ਦੁਕਾਨ ਨੂੰ ਅੱਗ ਲਗਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਦੋਵਾਂ ਧਿਰਾਂ ਵਿੱਚ ਝੜਪ ਹੋ ਗਈ।

ਉਹਨਾਂ ਦੱਸਿਆ ਕਿ ਮੌਕੇ ਉਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਲੈ ਕੇ ਚਲੀ ਗਈ। ਇਸ ਮਾਮਲੇ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਸਬਾ ਹੰਡਿਆਇਆ ਵਿੱਚ ਧਰਨਕਾਰੀਆਂ ਅਤੇ ਦੁਕਾਨਦਾਰਾਂ ਵਿੱਚ ਤਕਰਾਰਬਾਜ਼ੀ ਹੋਈ ਸੀ ਜਿਸ ਸਬੰਧੀ ਦੋਵਾਂ ਧਿਰਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਜੋ ਸਥਿਤੀ ਸ਼ਾਂਤਮਈ ਬਣੀ ਰਹੇ।

ਪ੍ਰਦਰਸ਼ਨਕਾਰੀਆਂ ਵੱਲੋਂ ਬਰਨਾਲਾ ਦੇ ਵੱਖ ਵੱਖ ਹਿੱਸਿਆ ਵਿੱਚ ਬਾਜ਼ਾਰ ਬੰਦ ਰੱਖੇ ਗਏ ਉਥੇ ਹੀ ਬਰਨਾਲਾ ਸੰਗਰੂਰ ਮਾਰਗ, ਬਰਨਾਲਾ ਮੋਗਾ ਮਾਰਗ, ਬਰਨਾਲਾ ਲੁਧਿਆਣਾ ਮਾਰਗ, ਬਰਨਾਲਾ ਬਠਿੰਡਾ ਮਾਰਗ ਉਪਰ ਸੜਕੀ ਆਵਾਜਾਈ ਬਿਲਕੁੱਲ ਠੱਪ ਰੱਖੀ ਗਈ। ਬੱਸ ਸੇਵਾਵਾਂ ਬੰਦ ਹੋਣ ਕਾਰਨ ਜਿਲੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਵੀ ਪੈਦਲ ਹੀ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋਣਾ ਪਿਆ।

—PTC News

Related Post