ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ

By  Riya Bawa February 7th 2022 08:36 AM -- Updated: February 7th 2022 08:37 AM

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਤੋਂ ਲੁੱਟ ਦਾ ਹਿੱਸਾ ਉਪਰ ਤੱਕ ਪਹੁੰਚਣਾ ਯਕੀਨੀ ਬਣਾਉਣ ਵਾਸਤੇ ਕਾਂਗਰਸ ਹਾਈ ਕਮਾਂਡ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੌਜੂਦਾ ਚੋਣਾਂ ਵਿਚ ਆਪਣਾ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੈ। ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਚਰਨਜੀਤ ਚੰਨੀ ਨੇ ਰੇਤ ਮਾਫੀਆ ਦੀ ਪ੍ਰਧਾਨਗੀ ਕੀਤੀ ਤੇ ਸੂਬੇ ਵਿਚ ਕੁਦਰਤੀ ਸਰੋਤਾਂ ਦੀ ਲੁੱਟ ਲੋਕਾਂ ਸਾਹਮਣੇ ਆਈ, ਉਸ ਤੋਂ ਮਿਲਿਆ ਹਿੱਸਾ ਉਪਰ ਹਾਈ ਕਮਾਂਡ ਤੱਕ ਪਹੁੰਚਿਆ ਹੈ, ਇਹ ਚੰਨੀ ਦੀ ਚੋਣ ਲਈ ਇਕ ਵੱਡਾ ਕਾਰਨ ਹੈ। ਉਹਨਾਂ ਕਿਹਾ ਕਿ ਚੰਨੀ ਨੇ ਸੂਬੇ ਦੀ ਅੰਨੀ ਲੁੱਟ ਕੀਤੀ ਹੈ ਤੇ ਪੰਜਾਬ ਵਿਚ ਰੇਤ ਮਾਫੀਆ ਦੇ ਉਹ ਸਰਗਰਨਾ ਹਨ। ਉਹਨਾਂ ਕਿਹਾ ਕਿ ਉਹਨਾ ਦੇ ਭਾਣਜੇ ਤੋਂ ਮਿਲੇ ਲੁੱਟ ਦੇ 11 ਕਰੋੜ ਰੁਪਏ ਉਹਨਾਂ ਦੀ ਇਸ ਧੰਦੇ ਵਿਚ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ 'ਮੀ ਟੂ' ਵਿਚ ਸ਼ਾਮਲ ਆਗੂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਸੁਨੀਲ ਜਾਖੜ ਵਰਗਾ ਸਾਫ ਸੁਥਰਾ ਚੇਹਰਾ ਪਸੰਦ ਨਹੀਂ ਬਲਕਿ ਚੰਨੀ ਵਰਗਾ ਆਗੂ ਪਸੰਦ ਹੈ ਜੋ ਪੰਜਾਬ ਤੋਂ ਲੁੱਟ ਦਾ ਹਿੱਸਾ ਉਸ ਤੱਕ ਪਹੁੰਚਦਾ ਕਰੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਹਿੰਦੂ ਚੇਹਰੇ ਦਾ ਵਿਰੋਧ ਕਰਨਾ ਵੀ ਜਾਖੜ ਦਾ ਚੇਹਰਾ ਨਾ ਬਣਨ ਦਾ ਕਾਰਨ ਬਣਿਆ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਰੇਤ ਮਾਫੀਆ ਦੀ ਜਿੱਤ: ਸੁਖਬੀਰ ਸਿੰਘ ਬਾਦਲ -PTC News

Related Post