ਭਾਜਪਾ ਨੇ ਲਗਾਈ 'ਜਨਤਾ ਦੀ ਵਿਧਾਨ ਸਭਾ'

By  Pardeep Singh September 27th 2022 04:09 PM -- Updated: September 27th 2022 04:11 PM

ਚੰਡੀਗੜ੍ਹ: ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ  ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਭਾਜਪਾ ਨੇ ਵਿਧਾਨ ਸਭਾ ਸੈਸ਼ਨ ਦੇ ਸਮਾਨਾਂਤਰ ‘ਲੋਕ ਵਿਧਾਨ ਸਭਾ’ ਦਾ ਆਯੋਜਨ ਕੀਤਾ। ਸਾਰੇ ਆਗੂ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ ਨੇੜੇ ਬੱਤਰਾ ਸਿਨੇਮਾ ਦੀ ਪਾਰਕਿੰਗ ਵਿੱਚ ਪੁੱਜੇ।

ਇਸ ਜਨ ਸਭਾ ਵਿੱਚ ਪੰਜਾਬ ਨਾਲ ਸਬੰਧਤ 6 ਮੁੱਦੇ ਉਠਾਏ ਗਏ। ਇਨ੍ਹਾਂ ਵਿੱਚ ਭ੍ਰਿਸ਼ਟਾਚਾਰ, ਅਧੂਰੇ ਵਾਅਦੇ, ਖੇਤੀ, ਨਸ਼ੇ ਦੀ ਵੱਧ ਰਹੀ ਦੁਰਵਰਤੋਂ, SC/OBC ਦੀ ਵਿਗੜਦੀ ਹਾਲਤ ਅਤੇ ਕਾਨੂੰਨ ਵਿਵਸਥਾ ਸ਼ਾਮਲ ਸੀ। ਕਾਂਗਰਸ ਤੋਂ ਕੁਝ ਮਹੀਨੇ ਪਹਿਲਾਂ ਭਾਜਪਾ 'ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ 'ਚ ਪੰਜਾਬ 'ਚ ਵਧੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ। ਹੋਰਨਾਂ ਆਗੂਆਂ ਨੇ ਸੂਬੇ ਵਿੱਚ ਵੱਧ ਰਹੇ ਅਪਰਾਧਾਂ ’ਤੇ ਸਵਾਲ ਉਠਾਏ।

ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਸਰਕਾਰ ਨੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਅਪਰੇਸ਼ਨ ਲੋਟਸ ਵਰਗੇ ਬਹਾਨੇ ਬਣਾਏ। ਸੂਬੇ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸੂਬੇ ਦੇ ਦੋਵੇਂ ਭਾਜਪਾ ਵਿਧਾਇਕਾਂ ਨਾਲ ਵਿਧਾਨ ਸਭਾ ਪੁੱਜੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੀਐਸਟੀ, ਬਿਜਲੀ ਅਤੇ ਪਰਾਲੀ ਦੇ ਮੁੱਦੇ 'ਤੇ ਚਰਚਾ ਕਰਨ ਲਈ ਇਹ ਸੈਸ਼ਨ ਬੁਲਾਇਆ ਹੈ। ਸਦਨ ਦੀ ਕਾਰਵਾਈ ਤੋਂ ਬਾਅਦ ਜਿਉਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸੇ ਦਾ ਮਤਾ ਪੇਸ਼ ਕੀਤਾ ਤਾਂ ਭਾਜਪਾ ਦੇ ਦੋਵੇਂ ਵਿਧਾਇਕ ਇਸ ਦਾ ਵਿਰੋਧ ਕਰਦੇ ਹੋਏ ਬਾਹਰ ਆ ਗਏ ਅਤੇ ਸਦਨ ਦਾ ਬਾਈਕਾਟ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਵਿਧਾਇਕ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪਾਰਟੀ ਦੇ ‘ਲੋਕ ਸਭਾ’ ਵਿੱਚ ਪੁੱਜੇ।

ਕੈਪਟਨ ਅਮਰਿੰਦਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪੰਜਾਬ 'ਚ ਕੋਈ ਸ਼ਾਸਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਰਮਨੀ 'ਚ ਜੋ ਵਾਪਰਿਆ, ਉਹ ਇਕ ਮੁੱਖ ਮੰਤਰੀ ਲਈ ਅਣਹੋਣੀ ਸੀ। ਉਨ੍ਹਾਂ ਕਿਹਾ ਕਿ ਇਹ ਰਾਘਵ ਚੱਢਾ ਹੀ ਹੈ, ਜੋ ਅਰਵਿੰਦ ਕੇਜਰੀਵਾਲ ਦੀ ਕਮਾਨ ਹੇਠ ਸ਼ੋਅ ਚਲਾ ਰਿਹਾ ਹੈ।

ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਮਹਿਲਾ ਨੂੰ 1000 ਰੁਪਏ ਦਿੱਤੇ ਜਾਣਗੇ ਪਰ ਸਰਕਾਰ ਦੀ ਇਹ ਗਾਰੰਟੀ ਰੁਲ ਗਈ ਹੈ। ਭਾਜਪਾ ਦਾ ਕਹਿਣਾ ਹੈ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ  ਨਾਲ ਧੋਖਾ ਕਰ ਰਹੀ ਹੈ।

ਇਹ ਵੀ ਪੜ੍ਹੋ:ਜਨਤਾ ਦੇ ਮੁੱਦੇ ਗਾਇਬ ! ਨੇਤਾਵਾਂ ਵੱਲੋਂ ਸਦਨ ਤੋਂ ਸੜਕ ਤੱਕ ਘਮਸਾਣ

-PTC News

Related Post