ਭਗਵੰਤ ਮਾਨ ਨਾਲ ਸੈਲਫੀ ਲੈਣ 'ਤੇ ਭਾਜਪਾ ਨੇ ਪਾਰਟੀ ਬੁਲਾਰੇ ਨੂੰ ਕੀਤਾ ਮੁਅੱਤਲ

By  Jasmeet Singh October 3rd 2022 06:38 PM

ਅਹਿਮਦਾਬਾਦ, 3 ਅਕਤੂਬਰ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਆਪਣੇ ਸਾਬਕਾ ਬੁਲਾਰੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਭਾਜਪਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਭਾਜਪਾ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਕਿਸ਼ਨ ਸਿੰਘ ਸੋਲੰਕੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੋਸ਼ਲ ਮੀਡੀਆ 'ਤੇ ਇੱਕ ਸੈਲਫੀ ਸਾਂਝੀ ਕੀਤੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ।

ਗੁਜਰਾਤ ਭਾਜਪਾ ਨੇ ਦੱਸਿਆ ਕਿ ਕਿਸ਼ਨ ਸਿੰਘ ਸੋਲੰਕੀ ਅਹਿਮਦਾਬਾਦ ਵਿੱਚ ਪਾਰਟੀ ਦੇ ਬੁਲਾਰੇ ਸਨ। ਉਹ ਕੁੱਲ 6 ਮਹੀਨੇ ਇਸ ਅਹੁਦੇ 'ਤੇ ਰਹੇ। ਭਾਜਪਾ ਨੇ ਸੋਲੰਕੀ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਗੁਜਰਾਤ ਭਾਜਪਾ ਨੇ ਸੋਲੰਕੀ ਨੂੰ ਕੁੱਲ 6 ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਹੈ।

ਭਾਜਪਾ ਦੇ ਸਾਬਕਾ ਬੁਲਾਰੇ ਸੋਲੰਕੀ ਨੇ ਆਪਣੇ ਫੇਸਬੁੱਕ ਪੇਜ 'ਤੇ ਭਗਵੰਤ ਮਾਨ ਨਾਲ ਇਕ ਸੈਲਫੀ ਸਾਂਝੀ ਕੀਤੀ ਹੈ। ਸੋਲੰਕੀ ਨੇ ਸੈਲਫੀ ਦੇ ਕੈਪਸ਼ਨ 'ਚ ਲਿਖਿਆ ਕਿ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਭਗਵੰਤ ਮਾਨ ਜੀ। ਇਸ ਨਾਲ ਭਾਜਪਾ ਨਾਰਾਜ਼ ਹੋ ਗਈ ਅਤੇ ਸੋਲੰਕੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ।

ਭਾਜਪਾ ਨੇ ਆਪਣੇ ਬਿਆਨ 'ਚ ਕਿਹਾ ਕਿ ਗੁਜਰਾਤ ਭਾਜਪਾ ਪ੍ਰਧਾਨ ਸੀ.ਆਰ. ਪਾਟਿਲ ਦੇ ਹੁਕਮਾਂ 'ਤੇ ਅਹਿਮਦਾਬਾਦ ਜ਼ਿਲ੍ਹੇ ਦੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਅੱਜ ਤੁਰੰਤ ਪ੍ਰਭਾਵ ਨਾਲ 6 ਸਾਲ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: 92 ਵਿਧਾਇਕਾਂ ਵਾਲੀ ਪੰਜਾਬ ਸਰਕਾਰ ਨੂੰ ਭਰੋਸੇ ਦਾ ਮਤਾ ਲਿਆਉਣ ਦੀ ਕੀ ਲੋੜ ਹੈ : ਮਾਨਵ ਤਨੇਜਾ

ਕਿਸ਼ਨ ਸਿੰਘ ਸੋਲੰਕੀ ਭਾਜਪਾ ਗੁਜਰਾਤ ਮੀਡੀਆ ਟੀਮ ਦਾ ਹਿੱਸਾ ਸਨ। ਉਹ ਅਕਸਰ ਟੀਵੀ ਬਹਿਸਾਂ ਵਿੱਚ ਭਾਜਪਾ ਵਾਲੇ ਪਾਸਿਓਂ ਪੇਸ਼ ਹੋਇਆ ਕਰਦੇ ਸਨ। ਅਜਿਹੇ 'ਚ ਆਮ ਆਦਮੀ ਪਾਰਟੀ ਦੇ ਨੇਤਾ ਨਾਲ ਸੈਲਫੀ ਲੈਣ 'ਤੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਗੁਜਰਾਤ ਭਾਜਪਾ ਨੇ ਕਿਹਾ ਕਿ ਸੋਲੰਕੀ ਫਿਲਹਾਲ ਭਾਜਪਾ ਵਿੱਚ ਕੋਈ ਅਹੁਦਾ ਨਹੀਂ ਸੰਭਾਲ ਰਹੇ ਹਨ।

-PTC News

Related Post