ਮੰਤਰੀਆਂ ਅਤੇ ਅਧਿਕਾਰੀ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਮੁੱਖ ਸਕੱਤਰ ਜਾਂ ਮੰਤਰੀਆਂ ਖ਼ਿਲਾਫ ਕੇਸ ਦਰਜ ਕੀਤਾ ਜਾਵੇਂ : ਸੁਖਬੀਰ ਸਿੰਘ ਬਾਦਲ

By  Shanker Badra May 12th 2020 07:42 PM

ਮੰਤਰੀਆਂ ਅਤੇ ਅਧਿਕਾਰੀ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਲਈ ਮੁੱਖ ਸਕੱਤਰ ਜਾਂ ਮੰਤਰੀਆਂ ਖ਼ਿਲਾਫ ਕੇਸ ਦਰਜ ਕੀਤਾ ਜਾਵੇਂ : ਸੁਖਬੀਰ ਸਿੰਘ ਬਾਦਲ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਅੰਦਰ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਸੰਬੰਧੀ ਲਾਏ ਜਾ ਰਹੇ ਭ੍ਰਿਸ਼ਟਾਚਾਰ ਅਤੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਸਕੱਤਰ ਜਾਂ ਮੰਤਰੀਆਂ ਖ਼ਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਸਕੱਤਰ ਅਤੇ ਮੰਤਰੀਆਂ ਵਿਚਕਾਰ ਲੜਾਈ ਦੇ ਅਸਲੀ ਮੁੱਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਸੀਨੀਅਰ ਅਧਿਕਾਰੀ ਉੱਤੇ ਭ੍ਰਿਸ਼ਟ ਅਤੇ ਹੰਕਾਰੀ ਹੋਣ ਦਾ ਦੋਸ਼ ਲਾ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਸਕੱਤਰ ਅਤੇ ਕੈਬਨਿਟ ਵਰਗੀਆਂ ਉੱਚੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਮਜ਼ਾਕ ਦਾ ਵਿਸ਼ਾ ਬਣਾਉਣ ਦੀ ਬਜਾਇ, ਹੁਣ ਸਮਾਂ ਆ ਗਿਆ ਹੈ ਕਿ ਜਨਤਾ ਵਿਚ ਸ਼ਰੇਆਮ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਸੰਬੰਧੀ  ਲਾਏ ਜਾ ਰਹੇ ਦੋਸ਼ਾਂ ਨੂੰ ਇੱਕ ਠੋਸ ਕਾਨੂੰਨੀ ਪੱਖ ਤੋਂ ਵੇਖਿਆ ਜਾਵੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆਂ ਅਤੇ ਦੇਸ਼ ਕੋਰੋਨਾ ਵਾਇਰਸ ਖ਼ਿਲਾਫ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਪੰਜਾਬ ਦੇ ਮੰਤਰੀ ਸ਼ਰਾਬ ਤੋਂ ਕਮਾਏ ਜਾ ਰਹੇ ਗੈਰਕਾਨੂੰਨੀ ਪੈਸੇ ਵਾਸਤੇ ਲੜ ਰਹੇ ਹਨ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਦੇਸ਼ ਭੋਜਨ ਅਤੇ ਜਰੂਰੀ ਵਸਤਾਂ ਦੀ ਹੋਮ ਡਿਲੀਵਰੀ ਬਾਰੇ ਬਹਿਸ ਕਰ ਰਿਹਾ ਹੈ ਜਦਕਿ ਪੰਜਾਬ ਦੇ ਮੰਤਰੀ ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਬਹਿਸ ਕਰ ਰਹੇ ਹਨ। ਉਹਨਾਂ ਕਿਹਾ ਕਿ ਮੰਤਰੀ ਅਤੇ ਕਾਂਗਰਸੀ ਆਗੂ ਹੁਣ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਕਾਨੂੰਨੀ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹੜੀ ਕਿ ਤਾਲਾਬੰਦੀ ਦੌਰਾਨ ਪਿਛਲੇ ਕਈ ਮਹੀਨਿਆਂ ਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੂਬਾ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ,ਕਰਮਚਾਰੀਆਂ, ਕਾਰੋਬਾਰਾਂ, ਵਪਾਰ ਅਤੇ ਸਨਅਤਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਕ ਵੀ ਕੈਬਨਿਟ ਮੀਟਿੰਗ ਨਹੀਂ ਕੀਤੀ ਹੈ। ਇਸ ਨੇ ਇੱਕੋਂ ਇੱਕ ਕੈਬਨਿਟ ਮੀਟਿੰਗ ਸ਼ਰਾਬ ਦੀ ਨੀਤੀ ਬਣਾਉਣ ਲਈ ਕੀਤੀ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਇਸ ਸਰਕਾਰ ਦੀਆਂ ਪ੍ਰਮੁੱਖਤਾਵਾਂ ਕੀ ਹਨ। ਉਹਨਾਂ ਕਿਹਾ ਕਿ ਇਸ ਕਾਂਗਰਸ ਸਰਕਾਰ ਨੂੰ ਸ਼ਰਾਬ ਮਾਫੀਆ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਜਿਹਨਾਂ ਮੰਤਰੀਆਂ ਨੇ ਪਹਿਲੇ ਦਿਨ ਆਬਕਾਰੀ ਨੀਤੀ ਦਾ ਵਿਰੋਧ ਕੀਤਾ ਸੀ, ਬਾਅਦ ਵਿਚ ਉਹ ਉਸੇ ਨੀਤੀ ਲਈ ਸਹਿਮਤ ਹੋ ਗਏ ਅਤੇ ਇਸ ਬਾਰੇ ਆਖਰੀ ਫੈਸਲਾ ਲੈਣ ਦੀ ਤਾਕਤ ਮੁੱਖ ਮੰਤਰੀ ਨੂੰ ਦੇਣ ਲਈ ਰਾਜ਼ੀ ਹੋ ਗਏ। ਉਹਨਾ ਕਿਹਾ ਕਿ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੈਬਨਿਟ ਦੇ ਏਜੰਡੇ ਦੀ ਸ਼ਰੇਆਮ ਖੁੱਲ੍ਹੀ ਬੋਲੀ ਲਗਾਈ ਗਈ ਹੈ। ਸਰਦਾਰ ਬਾਦਲ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਮੰਤਰੀਆਂ ਵੱਲੋਂ ਸ਼ਰਾਬ ਦੀ ਲੁੱਟ ਵਿੱਚੋਂ ਆਪਣਾ ਹਿੱਸਾ ਲੈਣ ਲਈ ਠੇਕੇਦਾਰਾਂ ਉੱਤੇ ਦਬਾਅ ਪਾਉਣ ਵਾਸਤੇ ਹੀ ਆਬਕਾਰੀ ਨੀਤੀ ਦਾ ਵਿਰੋਧ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਠੇਕੇਦਾਰਾਂ ਕੋਲੋਂ ਆਪਣਾ ਹਿੱਸਾ ਲੈਣ ਮਗਰੋਂ ਮੰਤਰੀਆਂ ਨੇ ਇਸ ਏਜੰਡੇ ਨੂੰ ਪਾਸ ਕਰਨ ਲਈ ਸਹਿਮਤੀ ਦੇ ਦਿੱਤੀ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਸਕੱਤਰ ਦੋਸ਼ੀ ਹੈ ਤਾਂ ਇਸ ਨੂੰ ਸਿਰਫ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਉਣ ਤਕ ਸੀਮਤ ਨਹੀ ਹੋਣਾ ਚਾਹੀਦਾ। ਫਿਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੁੱਖ ਸਕੱਤਰ ਨੂੰ ਬਰਖਾਸਤ ਕਰਨ ਅਤੇ ਉਸ ਖ਼ਿਲਾਫ ਕਾਨੂੰਨ ਦੀ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਦੀ ਦਲੇਰੀ ਵਿਖਾਏ। ਸਰਦਾਰ ਬਾਦਲ ਨੇ ਕਿਹਾ ਕਿ ਪਰ ਜੇਕਰ ਇਸ ਦੇ ਉਲਟ ਮੰਤਰੀ ਇਸ ਅਧਿਕਾਰੀ ਨਾਲ ਇਸ ਲਈ ਨਾਰਾਜ਼ ਹਨ, ਕਿਉਂਕਿ ਉਹ ਉਹਨਾਂ ਨੂੰ ਭ੍ਰਿਸ਼ਟਾਚਾਰ ਕਰਨ ਤੋਂ ਰੋਕ ਰਿਹਾ ਹੈ ਤਾਂ ਮੰਤਰੀ ਜਾਂ ਮੰਤਰੀਆਂ ਦੀ ਤੁਰੰਤ ਛੁੱਟੀ ਕਰਨੀ ਚਾਹੀਦੀ ਅਤੇ ਉਹਨਾਂ ਖ਼ਿਲਾਫ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸਰਦਾਰ ਬਾਦਲ ਨੇ ਸੂਬੇ ਅੰਦਰਲੇ ਹਾਲਾਤ ਉਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅੰਦਰ ਲੜਾਈ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਸਰਕਾਰ ਮਸ਼ੀਨਰੀ ਤਬਾਹ ਹੋ ਗਈ ਹੈ। ਪਿਛਲੇ 70 ਸਾਲਾਂ ਦੌਰਾਨ ਸੂਬੇ ਨੇ ਕਦੇ ਵੀ ਅਜਿਹੇ ਹਾਲਾਤ ਨਹੀਂ ਵੇਖੇ, ਇੱਥੇ ਤਕ ਕਿ ਖਾੜਕੂਵਾਦ ਦੌਰਾਨ ਵੀ ਨਹੀਂ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਸਾਰੇ ਪੁਆੜੇ ਦੀ ਜੜ੍ਹ ਗੈਰਕਾਨੂੰਨੀ ਸ਼ਰਾਬ ਅਤੇ ਉਸ ਵਿੱਚੋਂ ਹਿੱਸਾ ਲੈਣ ਵਾਸਤੇ ਲੜਾਈ ਹੈ। ਮੰਤਰੀ, ਅਧਿਕਾਰੀ ਅਤੇ ਕਾਂਗਰਸੀ ਆਗੂ ਇਸ ਮਾਫੀਆ ਪੈਸੇ ਵਿਚੋਂ ਆਪਣਾ ਹਿੱਸਾ ਲੈਣ ਲਈ ਗਿਰਝਾਂ ਵਾਂਗ ਲੜ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਸੱਤਾਧਾਰੀ ਗੈਰਕਾਨੂੰਨੀ ਪੈਸੇ ਵਿੱਚੋਂ ਆਪਣਾ ਹਿੱਸਾ ਲੈਣ ਲਈ ਬੇਸ਼ਰਮਾਂ ਵਾਂਗ ਲੜ ਰਹੇ ਹੋਣ ਤਾਂ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸਰਕਾਰੀ ਖਜ਼ਾਨੇ ਵਿਚ ਪੈਸਾ ਕਿਵੇਂ ਬਚ ਸਕਦਾ ਹੈ? ਸੂਬੇ ਅੰਦਰ ਅਧਿਕਾਰੀ ਅਤੇ ਮੰਤਰੀਆਂ ਵਿਚਕਾਰ ਹੋਏ ਝਗੜੇ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਮੰਤਰੀਆਂ ਨੂੰ ਕਿਹਾ ਕਿ ਨਿੱਕੀ ਕਲਾਸ ਦੇ ਵਿਗੜੇ ਬੱਚਿਆਂ ਵਾਂਗ ਆਪਣੀ ਹਊਮੈ ਪਿੱਛੇ ਲੱਗ ਇਸ ਅਧਿਕਾਰੀ ਨਾਲ ਬੈਠਣਾ ਜਾਂ ਇਸ ਨਾਲ ਨਹੀ ਬੈਠਣਾ ਦਾ ਇਜ਼ਹਾਰ ਕਰਕੇ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਨਾ ਬਣਾਉਣ। ਉਹਨਾਂ ਸਾਰੇ ਮੰਤਰੀਆਂ ਨੂੰ ਇਮਾਨਦਾਰੀ ਨਾਲ ਉਸ ਅਧਿਕਾਰੀ ਵਿਰੁੱਧ ਅਸਲੀ ਸ਼ਿਕਾਇਤ ਦੱਸਣ ਲਈ ਆਖਦਿਆਂ ਕਿਹਾ ਕਿ ਇਹ ਮਸਲਾ ਸਿਰਫ ਹਊਮੇ ਨਾਲ ਜੁੜਿਆ ਨਹੀਂ ਲੱਗਦਾ, ਸਗੋਂ ਇਸ ਤੋਂ ਕਿਤੇ ਵੱਡਾ ਲੱਗਦਾ ਹੈ। ਇਹ ਭ੍ਰਿਸ਼ਟਾਚਾਰ ਬਾਰੇ ਲੱਗਦਾ ਹੈ ਅਤੇ ਮੁੱਖ ਮੰਤਰੀ ਨੂੰ ਤੁਰੰਤ ਦਖ਼ਲ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਮੰਤਰੀ ਜਾਂ ਬਹੁਤ ਸਾਰੇ ਮੰਤਰੀ ਇਹ ਮੰਨਦੇ ਹਨ ਕਿ ਮੁੱਖ ਸਕੱਤਰ ਨੇ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਉਹਨਾਂ ਕੋਲ ਇੱਕੋ ਵਿਕਲਪ ਹੈ ਕਿ ਉਹ ਮੁੱਖ ਸਕੱਤਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਐਫਆਈਆਰ ਦਰਜ ਕਰਵਾ ਦੇਣ। ਇਸ ਦੇ ਉਲਟ ਜੇਕਰ ਮੰਤਰੀ ਜਾਂ ਮੰਤਰੀਆਂ ਨੇ ਕੋਈ ਗਲਤ ਕੰਮ ਕੀਤਾ ਹੈ, ਜਿਸ ਦਾ ਮੁੱਖ ਸਕੱਤਰ ਵਿਰੋਧ ਕਰ ਰਿਹਾ ਹੈ ਤਾਂ ਮੰਤਰੀਆਂ ਖ਼ਿਲਾਫ ਵੀ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀਆਂ ਦੇ ਵਿਵਹਾਰ ਨੇ ਪੰਜਾਬ ਨੂੰ ਇੱਕ ਮੁਖੀ ਰਹਿਤ ਸੂਬਾ ਬਣਾ ਧਰਿਆ ਹੈ ਅਤੇ ਇੱਥੇ ਪ੍ਰਸਾਸ਼ਨਿਕ ਢਾਂਚਾ ਤਹਿਤ ਨਹਿਸ ਹੋ ਚੁੱਕਿਆ ਹੈ, ਕਿਉਂਕਿ ਮੁੱਖ ਮੰਤਰੀ ਨੂੰ ਆਪਣੇ ਸਾਥੀਆਂ ਦੀ ਖੁੱਲ੍ਹੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਇਹ ਕਿਸ ਤਰ੍ਹਾਂ ਦੀ ਸਰਕਾਰ ਹੈ, ਜਿਸ ਵਿਚ ਮੁੱਖ ਮੰਤਰੀ ਦੀ ਆਪਣੇ ਅਧਿਕਾਰੀਆਂ ਦੀ ਚੋਣ ਕਰਨ ਦੀ ਤਾਕਤ ਨੂੰ ਉਸ ਦੇ ਕੈਬਨਿਟ ਸਾਥੀਆਂ ਅਤੇ ਪਾਰਟੀ ਦੇ ਸੂਬਾਈ ਮੁਖੀ ਦੁਆਰਾ ਚੁਣੌਤੀ ਦਿੱਤੀ ਜਾ ਰਹੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜੋ ਕੁੱਝ ਹੋ ਰਿਹਾ ਹੈ ਇਹ  ਜਾਂ ਤਾਂ ਬਗਾਵਤ ਹੈ ਜਾਂ ਫਿਰ ਮੁੱਖ ਮੰਤਰੀ ਦੀ ਕੁਰਸੀ ਖੋਹਣ ਦੀ ਲੜਾਈ ਹੈ ਚਾਹੇ ਇਹਨਾਂ ਦਾ ਆਗੂ ਅਜੇ ਬੈਠਾ ਹੈ। ਇਹ ਸਭ ਉਸ ਸਮੇਂ ਹੋਇਆ ਹੈ ਜਦੋਂ ਸੱਤਾ ਵਿਚ ਬੈਠੀ ਇਸ ਪਾਰਟੀ ਨੂੰ ਅਗਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਪੱਕੀ ਦਿਸ ਰਹੀ ਹੈ। ਤਾਲਾਬੰਦੀ ਵਧਾਏ ਜਾਣ ਸੰਬੰਧੀ ਸਰਦਾਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਆਰਥਿਕ ਗਤੀਵਿਧੀ ਮੁੜ ਸ਼ੁਰੂ ਕਰਵਾਉਣ ਲਈ ਇੱਕ ਖਾਕਾ ਉਲੀਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਰਥਿਕ ਗਤੀਵਿਧੀ ਮੁੜ ਸ਼ੁਰੂ ਕਰਨੀ ਪਵੇਗੀ ਅਤੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰ ਅਤੇ ਸਨਅਤਾਂ ਨੂੰ ਪ੍ਰਮੁੱਖਤਾ ਦੇਣੀ ਪਵੇਗੀ। -PTCNews

Related Post