ਪੰਜਾਬ ਵਿਚ ਨਕਲੀ ਸ਼ਰਾਬ ਬਣਾਉਣ ਦਾ ਧੰਦਾ ਅਜੇ ਵੀ ਜਾਰੀ

By  Jasmeet Singh September 2nd 2022 04:36 PM -- Updated: September 2nd 2022 04:38 PM

ਪਟਿਆਲਾ, 2 ਸਤੰਬਰ: ਪਟਿਆਲਾ ਪੁਲਿਸ ਦੇ ਬਨੂੜ ਥਾਣੇ ਵੱਲੋਂ ਨਕਲੀ ਸ਼ਰਾਬ (Extra Neutral Alcohol) ਲੈ ਕੇ ਜਾ ਰਿਹਾ ਟੈਂਕਰ ਕਾਬੂ ਕੀਤਾ ਗਿਆ ਜਿਸ ਵਿਚੋਂ 35 ਹਜ਼ਾਰ ਲੀਟਰ ਨਕਲੀ ਸ਼ਰਾਬ (Extra Neutral Alcohol) ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਬਨੂੜ ਪੁਲਿਸ ਨੇ ਅਕਸਾਇਜ਼ ਐਕਟ ਅਤੇ ਆਈਪੀਸੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਜਵਾਹਰ ਸਿੰਘ ਵਾਸੀ ਬਟਾਲਾ, ਸੰਜੀਵ ਕੁਮਾਰ ਵਾਸੀ ਰਾਜਪੁਰਾ, ਚੰਡੀਗੜ੍ਹ ਤੋਂ ਸ਼ਰਾਬ ਠੇਕੇਦਾਰ ਨਿਸ਼ਾਂਤ, ਚੰਡੀਗੜ੍ਹ ਦੇ ਮੋਰਿਆ ਡਿਸਟਿਲਰਜ ਐਂਡ ਬੋਟਲਰਜ਼ ਪ੍ਰਾਈਵੇਟ ਲਿਮਿਟਿਡ ਦੇ ਮਾਲਕ ਵਰਿੰਦਰ ਚੌਹਾਨ ਅਤੇ ਰਾਜਪੁਰਾ ਨਲਾਸ ਰੋਡ ਵਾਸੀ ਗੁਰਚਰਨ ਸਿੰਘ ਖ਼ਿਲਾਫ਼ ਬਨੂੜ ਥਾਣੇ 'ਚ ਪਰਚਾ ਦਰਜ ਕੀਤਾ ਗਿਆ ਹੈ। ਖੁਫੀਆ ਜਾਣਕਾਰੀ ਦੇ ਅਧਾਰ 'ਤੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਲੈ ਕੇ ਬਨੂੜ ਵਿਖੇ ਨਾਕੇ 'ਤੇ ਤਾਇਨਾਤ ਸੀ। ਇਸ ਦੌਰਾਨ ਹਮੀਰਾ ਸ਼ਰਾਬ ਫੈਕਟਰੀ ਦਾ ਇੱਕ ਟੈਂਕਰ ਜਾ ਰਿਹਾ ਸੀ ਜਿਸਨੂੰ ਰੋਕ ਕੇ ਜਾਂਚ ਕੀਤੀ ਗਈ ਤਾਂ ਉਸ ਵਿਚ ਨਕਲੀ ਸ਼ਰਾਬ (ENA) ਬਰਾਮਦ ਹੋਇਆ। ਪੁਲਿਸ ਨੇ ਕਿਹਾ ਕਿ ਬਰਾਮਦ ਕੀਤੀ ਗਈ ਨਕਲੀ ਸ਼ਰਾਬ (Extra Neutral Alcohol) ਨੂੰ ਗੋਆ ਪਰਮਿਟ ਦੇ ਟੈਂਕਰ 'ਚ ਭਰ ਕੇ ਗੋਆ ਨਾ ਭੇਜ, ਅੰਮ੍ਰਿਤਸਰ ਵਿੱਚ ਨਕਲੀ ਸ਼ਰਾਬ ਬਣਾਉਣ ਵਾਲੇ ਤਸਕਰਾਂ ਅਤੇ ਚੰਡੀਗੜ੍ਹ ਦੇ ਸ਼ਰਾਬ ਦੇ ਬੋਟਲਿੰਗ ਪਲਾਟਾ ਕਾਰੋਬਾਰੀਆਂ ਨੂੰ ਵੇਚਿਆ ਜਾਂਦਾ ਸੀ। ਜਿਸ ਕਾਰਨ ਪੰਜਾਬ ਸਰਕਾਰ ਨੂੰ ਵੱਡਾ ਮਾਲੀਆ ਨੁਕਸਾਨ ਹੋ ਰਿਹਾ ਸੀ ਅਤੇ ਜਾਨੀ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਗੁਰਚਰਨ ਸਿੰਘ PB 06 AK 6026 ਨੰਬਰ ਦੇ ਟੈਂਕਰ ਜਿਸ 'ਚ ਨਕਲੀ ਸ਼ਰਾਬ (Extra Neutral Alcohol) ਭਰੀ ਹੋਈ ਸੀ ਨੂੰ ਸਲਪਾਈ ਕਰਨ ਲਈ ਜਾ ਰਿਹਾ ਸੀ ਅਤੇ ਜਵਾਹਰ ਸਿੰਘ PB 06 BC 0026 ਨੰਬਰ ਦੀ ਆਪਣੀ ਗੱਡੀ ਰਾਹੀਂ ਟਰੱਕ ਦੀ ਪਾਇਲਟ ਕਰ ਰਿਹਾ ਸੀ। ਟੱਰਕ ਨੂੰ ਰੋਆਇਲ ਸਿਟੀ ਕੋਲ ਪੁਲਿਸ ਨਾਕਾਬੰਦੀ ਦੌਰਾਨ ਰੋਕੇ ਜਾਣ 'ਤੇ ਇਸ ਵਿਚੋਂ 35,000 ਲੀਟਰ ਨਕਲੀ ਸ਼ਰਾਬ (Extra Neutral Alcohol) ਬਰਾਮਦ ਕੀਤੀ ਗਈ ਹੈ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News

Related Post