ਕੈਨੇਡਾ ’ਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਸਮੇਤ ਹਵਾਈ ਸਫ਼ਰ ਦੀ ਇਜਾਜ਼ਤ ਦਾ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਵਾਗਤ

By  Joshi November 8th 2017 04:29 PM -- Updated: November 8th 2017 05:38 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਨੂੰ ਛੋਟੀ ਕਿਰਪਾਨ ਸਹਿਤ ਘਰੇਲੂ ਤੇ ਕੌਮਾਂਤਰੀ ਉਡਾਣਾਂ ਵਿਚ ਸਫਰ ਕਰਨ ਦੀ ਦਿੱਤੀ ਇਜਾਜ਼ਤ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਤਰ-ਰਾਸ਼ਟਰੀ ਉਡਾਣਾਂ ਵਿਚ ਕਿਰਪਾਨ ਪਹਿਨਣ ਦੀ ਮਨਾਹੀ ਕਾਰਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਇਸ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਕੌਮ ਮਿਹਨਤੀ ਅਤੇ ਅਗਾਂਹਵਧੂ ਕੌਮ ਹੈ ਅਤੇ ਇਸ ਨੇ ਦੁਨੀਆਂ ਅੰਦਰ ਆਪਣੀ ਲਿਆਕਤ ਅਤੇ ਲਗਨ ਨਾਲ ਸਨਮਾਨਿਤ ਸਥਾਨ ਹਾਸਲ ਕੀਤਾ ਹੈ। Canada government allows Amritdhari Sikhs to travel with Kirpanਪ੍ਰੋ: ਬਡੂੰਗਰ ਨੇ ਆਖਿਆ ਕਿ ਗੁਰੂ ਸਾਹਿਬਾਨ ਦੇ ਸਿਧਾਂਤਾਂ ਅਤੇ ਰਹਿਣੀ ਅਨੁਸਾਰ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਪੰਜ ਕਕਾਰੀ ਰਹਿਤ ਧਾਰਨ ਕਰਦਿਆਂ ਕਿਰਪਾਨ ਨੂੰ ਆਪਣੇ ਅੰਗ-ਸੰਗ ਰੱਖਿਆ ਜਾਂਦਾ ਹੈ।ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਤੇ ਤਰਜ਼ਮਾਨੀ ਕਰਦਿਆਂ ਕੈਨੇਡਾ ਸਰਕਾਰ ਨੇ ਸਿੱਖਾਂ ਦੀ ਵਿਲੱਖਣ ਹੋਂਦ-ਹਸਤੀ ਤੇ ਪਹਿਚਾਣ ਨੂੰ ਮਾਨਤਾ ਦਿੱਤੀ ਹੈ। ਇਹ ਫੈਸਲਾ ਸਿੱਖ ’ਤੇ ਵਿਸ਼ਵਾਸ ਤੇ ਅਨੁਸ਼ਾਸਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਟਰਾਂਸਪੋਰਟ ਵਿਭਾਗ ਦਾ ਤਾਜ਼ਾ ਫੈਸਲਾ ਇਸ ਪ੍ਰਸੰਗ ਵਿਚ ਵਿਸ਼ੇਸ਼ ਅਹਿਮੀਅਤ ਵਾਲਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਸਿੱਖ ਕਿਰਪਾਨ ਨੂੰ ਸੰਵਿਧਾਨਕ ਮਾਨਤਾ ਨਾ ਹੋਣ ਦੇ ਬਾਵਜੂਦ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੱੁਖ ਰੱਖਦਿਆਂ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ। Canada government allows Amritdhari Sikhs to travel with Kirpanਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੈਨੇਡਾ ਸਰਕਾਰ ਅਤੇ ਖਾਸਕਰ ਟਰਾਂਸਪੋਰਟ ਵਿਭਾਗ ਕੈਨੇਡਾ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸ ਫੈਸਲੇ ਦੇ ਆਧਾਰ ’ਤੇ ਹੋਰਨਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਹਵਾਈ ਸਫਰ ਦੌਰਾਨ ਸਿੱਖ ਕੱਕਾਰਾਂ ਨੂੰ ਪ੍ਰਵਾਨਗੀ ਦੇਣਗੀਆਂ। ਉਨ੍ਹਾਂ ਇਸ ਮਹੱਤਵਪੂਰਨ ਫੈਸਲੇ ਲਈ ਕੈਨੇਡਾ ਸਰਕਾਰ ਨੂੰ ਪ੍ਰਸ਼ੰਸਾ ਪੱਤਰ ਲਿਖਣ ਦੀ ਗੱਲ ਵੀ ਆਖੀ। ਪ੍ਰੋ: ਬਡੂੰਗਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਵਿਚ ਵੀ ਅੰਮ੍ਰਿਤਧਾਰੀ ਸਿੱਖਾਂ ਨੂੰ ਹਵਾਈ ਸਫ਼ਰ ਦੌਰਾਨ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। —PTC News

Related Post