ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਪਹਿਲੇ ਨੰਬਰ ਤੋਂ 20ਵੇਂ ਨੰਬਰ ਉੱਤੇ ਖਿਸਕ ਗਿਆ:ਸੁਖਬੀਰ ਬਾਦਲ

By  Shanker Badra July 13th 2018 06:17 PM

ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪੰਜਾਬ ਪਹਿਲੇ ਨੰਬਰ ਤੋਂ 20ਵੇਂ ਨੰਬਰ ਉੱਤੇ ਖਿਸਕ ਗਿਆ:ਸੁਖਬੀਰ ਬਾਦਲ:ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਪੰਜਾਬ ਪਹਿਲੇ ਨੰਬਰ ਤੋਂ ਖਿਸਕ ਕੇ 20ਵੇਂ ਨੰਬਰ ਉੱਤੇ ਪਹੁੰਚ ਗਿਆ ਹੈ ਅਤੇ ਹੁਣ ਇਸ ਦੀ ਦਰਜਾਬੰਦੀ ਬਿਹਾਰ ਅਤੇ ਝਾਰਖੰਡ ਵਰਗੇ ਬਿਮਾਰੂ ਸੂਬਿਆਂ ਤੋਂ ਵੀ ਥੱਲੇ ਹੋ ਰਹੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਰੋਬਾਰ ਕਰਨ ਦੀ ਸੌਖ ਬਾਰੇ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਵਿਚ ਪੰਜਾਬ ਨੂੰ 20ਵੇਂ ਨੰਬਰ ਉੱਤੇ ਰੱਖਿਆ ਗਿਆ ਹੈ।ਉਹਨਾਂ ਕਿਹਾ ਕਿ ਇਸ ਦੇ ਬਿਲਕੁਲ ਉਲਟ 2015 ਵਿਚ ਕਾਰੋਬਾਰ ਸਥਾਪਤ ਕਰਨ ਦੀ ਸੌਖ ਵਾਲੀ ਕੈਟਾਗਰੀ ਵਿਚ ਸੂਬਾ ਪਹਿਲਾ ਨੰਬਰ ਉੱਤੇ ਸੀ ਅਤੇ 2016 ਵਿਚ ਸਿੰਗਲ ਵਿੰਡੋ ਸੁਧਾਰ ਵਿਚ ਵੀ ਪੰਜਾਬ ਪਹਿਲੇ ਨੰਬਰ ਉੱਤੇ ਸੀ।ਉਹਨਾਂ ਕਿਹਾ ਕਿ ਹੁਣ ਸਪੱਸ਼ਟ ਹੈ ਕਿ ਅਕਾਲੀ-ਭਾਜਪਾ ਸਰਕਾਰ 2013 ਵਿਚ ਨਵੀਂ ਉਦਯੋਗ ਨੀਤੀ ਬਣਾ ਕੇ ਪੰਜਾਬ ਨੂੰ ਪਹਿਲੇ ਸਥਾਨ ਉੱਤੇ ਲੈ ਆਈ ਸੀ ਜਦਕਿ ਤੁਸੀਂ (ਅਮਰਿੰਦਰ) ਨੇ ਡੇਢ ਸਾਲ ਵਿਚ ਹੀ ਇਸ ਨੂੰ 20ਵੇਂ ਨੰਬਰ ਉੱਤੇ ਸੁੱਟ ਦਿੱਤਾ ਹੈ। ਇਸ ਤੋਂ ਮਾੜਾ ਕੀ ਹੋ ਸਕਦਾ ਸੀ ?

ਇਹ ਟਿੱਪਣੀ ਕਰਦਿਆਂ ਕਿ ਅਕਾਲੀ-ਭਾਜਪਾ ਸਰਕਾਰ ਦੁਆਰਾ ਕੀਤੇ ਸਾਰੇ ਚੰਗੇ ਕੰਮਾਂ ਨੂੰ ਲੀਹੋਂ ਲਾਹਿਆ ਜਾ ਰਿਹਾ ਹੈ।ਸ.ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਨੂੰ ਤਬਾਹ ਕਰਕੇ ਪੰਜਾਬੀਆਂ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਰਹੀ ਹੈ।ਉਹਨਾਂ ਕੈਪਰਨ ਅਮਰਿੰਦਰ ਸਿੰਘ ਨੂੰ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਪੰਜਾਬ ਵਿਚ ਇੱਕੋ ਛੱਤ ਥੱਲੇ ਪ੍ਰਵਾਨਗੀਆਂ ਦੇਣ ਵਾਲਾ ਅਤੇ ਨਿਵੇਸ਼ ਨੂੰ ਵਧਾਉਣ ਵਾਲਾ ਸਿਸਟਮ ਤਿਆਰ ਕਰਨ ਵਾਲੇ ਨਿਵੇਸ਼ ਪੰਜਾਬ ਵਿਭਾਗ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ।ਸੁਧਾਰ ਕਮਿਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ।ਉਹਨਾਂ 12 ਹਜ਼ਾਰ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ,ਜਿਹਨਾਂ ਨੇ ਆਮ ਨਾਗਰਿਕਾਂ ਲਈ ਸੇਵਾਵਾਂ ਸ਼ੁਰੂ ਕਰਕੇ ਉਹਨਾਂ ਦੀ ਸਰਕਾਰੀ ਦਫਤਰਾਂ ਵਿਚ ਗੇੜੇ ਮਾਰਨ ਦੀ ਖੱਜਲ ਖੁਆਰੀ ਖ਼ਤਮ ਕਰ ਦਿੱਤੀ ਸੀ।ਇਹਨਾਂ ਸਾਰੀਆਂ ਗੱਲਾਂ ਕਰਕੇ ਹੀ ਪ੍ਰਧਾਨ ਮੰਤਰੀ ਨੂੰ ਵੀ ਮੁੱਖ ਮੰਤਰੀ ਨੂੰ 'ਜਾਗ ਪਓ' ਕਹਿਣਾ ਪਿਆ।ਹੁਣ ਬਹਾਨਿਆਂ ਅਤੇ ਦੂਸ਼ਣਬਾਜੀ ਵਾਲੀ ਖੇਡ ਮੁੱਕ ਗਈ ਹੈ।ਤੁਹਾਨੂੰ ਸੱਤਾ ਸੰਭਾਲਿਆਂ ਡੇਢ ਸਾਲ ਹੋ ਚੁੱਕਿਆ ਹੈ।ਇਸ ਲਈ ਹੁਣ ਕਾਰਗੁਜ਼ਾਰੀ ਦਿਖਾਉਣੀ ਪੈਣੀ ਹੈ ਜਾਂ ਫਿਰ ਕੁਰਸੀ ਛੱਡ ਦਿਓ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦੀ ਤਰਸਯੋਗ ਕਾਰਗੁਜ਼ਾਰੀ ਨੇ ਪੰਜਾਬੀਆਂ ਦੇ ਸਵੈਮਾਣ ਨੂੰ ਸੱਟ ਮਾਰੀ ਹੈ।ਸ.ਬਾਦਲ ਨੇ ਕਿਹਾ ਕਿ ਪੰਜਾਬੀ ਆਗੂਆਂ ਵਜੋਂ ਜਾਣੇ ਜਾਂਦੇ ਸਨ,ਪਿਛਾੜੀਆਂ ਵਜੋਂ ਨਹੀਂ।ਉਹਨਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਛੋਟੀ ਸੋਚ ਨੇ ਪੰਜਾਬ ਨੂੰ ਵਿਕਾਸ ਦੀ ਪਟੜੀ ਤੋਂ ਥੱਲੇ ਲਾਹ ਦਿੱਤਾ ਹੈ।ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਵੱਧ ਟੈਕਸ ਰਿਆਇਤਾਂ ਵਾਲੇ ਸੂਬਿਆਂ ਵਿਚਾਲੇ ਘਿਰਿਆ ਹੋਣ ਦੇ ਬਾਵਜੂਦ ਪੰਜਾਬ ਅੰਦਰ 45 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ।

ਇਹ ਟਿੱਪਣੀ ਕਰਦਿਆਂ ਕਿ ਸਥਿਤੀ ਅਜੇ ਹੋਰ ਬਦਤਰ ਹੋਣ ਦੀ ਸੰਭਾਵਨਾ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਦਯੋਗਾਂ ਨੂੰ ਜਿਹੜੀਆਂ ਰਿਆਇਤਾਂ ਦਾ ਵਾਅਦਾ ਕੀਤਾ ਗਿਆ ਸੀ,ਉਹ ਦਿੱਤੀਆਂ ਨਹੀਂ ਜਾ ਰਹੀਆਂ।ਉੁਹਨਾਂ ਕਿਹਾ ਕਿ ਕੋਈ ਇੱਕ ਵੀ ਸੜਕ ਨਹੀਂ ਬਣਾਈ ਜਾ ਰਹੀ।ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ।ਗਰੀਬ ਤਬਕਿਆਂ ਨੂੰ ਸਮਾਜ ਭਲਾਈ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।ਮੁੱਖ ਮੰਤਰੀ ਨੂੰ ਹੁਣ ਡੂੰਘੀ ਨੀਂਦ ਵਿਚੋਂ ਜਾਗ ਕੇ ਅਸਲੀਅਤ ਨੂੰ ਵੇਖਣਾ ਅਤੇ ਇਸ ਦਾ ਹੱਲ ਕੱਢਣਾ ਪਵੇਗਾ।ਉਹਨਾਂ ਕਿਹਾ ਕਿ ਘੱਟੋ ਘੱਟ ਸੂਬੇ ਦੇ ਉਹਨਾਂ ਲੋਕਾਂ ਲਈ ਇੰਨਾ ਤਾਂ ਤੁਸੀਂ (ਅਮਰਿੰਦਰ) ਕਰ ਹੀ ਸਕਦੇ ਹੋ,ਜਿਹਨਾਂ ਨੇ ਤੁਹਾਡੇ ਵਿਚ ਭਰੋਸਾ ਜਤਾਇਆ ਸੀ,ਚਾਹੇ ਉਹ ਫਰੇਬ ਅਤੇ ਝੂਠੇ ਵਾਅਦਿਆਂ ਨਾਲ ਠੱਗੇ ਹੀ ਗਏ।

-PTCNews

Related Post