ਬਿਜਲੀ ਦੇ ਖੰਭੇ ਨਾਲ ਟਕਰਾਈ ਕਾਰ, ਪਰਿਵਾਰ ਦੇ 5 ਜੀਆਂ ਦੀ ਮੌਤ

By  Jasmeet Singh September 6th 2022 11:49 AM -- Updated: September 6th 2022 12:13 PM

ਚੰਡੀਗੜ੍ਹ, 6 ਸਤੰਬਰ: ਲੁਧਿਆਣਾ ਵਿੱਚ ਮੰਗਲਵਾਰ ਤੜਕੇ ਇੱਕ ਤੇਜ਼ ਰਫ਼ਤਾਰ ਕਾਰ ਦੇ ਇੱਕ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਮਰਨ ਵਾਲਿਆਂ 'ਚ 2 ਬੱਚੇ ਵੀ ਸ਼ਾਮਲ ਨੇ, ਮ੍ਰਿਤਕਾਂ ਦੀ ਪਛਾਣ ਖੁਸ਼ੀ (3), ਮਾਹੀ (5), ਸੰਜਨਾ (30), ਜੈਸਮੀਨ ਅਤੇ ਰਾਜੇਸ਼ ਵਜੋਂ ਹੋਈ ਹੈ ਜੋ ਕਿ ਪੁਰਾਣੀ ਮਾਧੋਪੁਰੀ ਦੇ ਰਹਿਣ ਵਾਲੇ ਸਨ। ਰਾਜੇਸ਼ ਦੀ ਪਤਨੀ ਪ੍ਰਿਆ ਨੂੰ ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਅਜੇ ਵੀ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਪਰਿਵਾਰ ਵਿਆਹ ਵਿੱਚ ਸ਼ਾਮਲ ਹੋ ਕੇ ਘਰ ਪਰਤ ਰਿਹਾ ਸੀ। ਤੜਕੇ ਕਰੀਬ 2.45 ਵਜੇ ਚੰਡੀਗੜ੍ਹ ਰੋਡ 'ਤੇ ਫੋਰਟਿਸ ਹਸਪਤਾਲ ਨੇੜੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਬਿਜਲੀ ਦੇ ਖੰਭੇ ਨਾਲ ਜਾ ਵੱਜੀ। ਕਾਰ ਨੂੰ ਰਾਜੇਸ਼ ਚਲਾ ਰਿਹਾ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੀਵਨ ਨਗਰ ਫੋਕਲ ਪੁਆਇੰਟ ਪੁਲਿਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਅੱਗੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚ ਗਏ, ਵੇਖਿਆ ਤਾਂ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਉਨ੍ਹਾਂ ਕਿਹਾ ਕਿ ਜਾਂਚ ਕਰਨ 'ਤੇ ਸਾਹਮਣੇ ਆਇਆ ਹੈ ਕਿ ਕਾਰ ਦੀ ਸਪੀਡ 100 ਤੋਂ ਵੱਧ ਸੀ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਹ ਵੀ ਪੜ੍ਹੋ: ਕੈਬਨਿਟ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੇ ਕਰਨ ਨੂੰ ਪ੍ਰਵਾਨਗੀ -PTC News

Related Post