ਗੁ. ਸਤਲਾਣੀ ਸਾਹਿਬ ਦੀ ਜ਼ਮੀਨ 'ਤੇ ਕਬਜ਼ਾ ਕਰਨ ਆਏ ਵਿਅਕਤੀ ਸਮੇਤ 20 ਲੋਕਾ ਖ਼ਿਲਾਫ਼ ਪਰਚਾ ਦਰਜ

By  Jasmeet Singh October 3rd 2022 04:26 PM

ਅੰਮ੍ਰਿਤਸਰ, 3 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਹੇਠ ਇਤਿਹਾਸਕ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਜ਼ਿਲ੍ਹਾ ਅੰਮ੍ਰਿਤਸਰ ਦੀ ਮਾਲਕੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੀ ਨੀਅਤ ਨਾਲ ਆਏ ਦੋਸ਼ੀ ਹਰਪਾਲ ਸਿੰਘ ਯੂਕੇ ਤੇ ਉਨ੍ਹਾਂ ਦੇ ਵੀਹ ਸਾਥੀਆਂ ਖ਼ਿਲਾਫ਼ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੇ ਥਾਣਾ-ਬੀ ਡਿਵੀਜ਼ਨ ਵੱਲੋਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਵੇਰਕਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਮਿਤੀ 2 ਅਕਤੂਬਰ ਦੀ ਤੜਕੇ ਸਵੇਰੇ ਪਤਾ ਲਗਾ ਕਿ ਹਰਪਾਲ ਸਿੰਘ ਯੂਕੇ ਆਪਣੇ 20-25 ਸਾਥੀਆਂ ਨਾਲ ਗੁਰਦੁਆਰਾ ਸਤਲਾਣੀ ਸਾਹਿਬ ਦੀ ਮਾਲਕੀ ਜ਼ਮੀਨ ਸ਼ੈਲਰ ਰਕਬਾ ਸੁਲਤਾਨਵਿੰਡ ਅਰਬਨ ਅੰਤਰਯਾਮੀ ਕਾਲੋਨੀ ਅੰਮ੍ਰਿਤਸਰ ਦੀ ਕੰਧ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦਿਆਂ ਤੇ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਵੀ ਚੋਰੀ ਕਰਕੇ ਲੈ ਗਿਆ ਹੈ। ਜਿਸ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਪੁਲਿਸ ਥਾਣਾ-ਬੀ ਡਵੀਜ਼ਨ ਦੇ ਐਸਐਚਓ ਸਾਹਿਬ ਨੂੰ ਫੋਨ 'ਤੇ ਜਾਣਕਾਰੀ ਦਿੱਤੀ ਤੇ ਉਪਰੰਤ ਲਿਖਤੀ ਸ਼ਿਕਾਇਤ ਹਰਪਾਲ ਸਿੰਘ ਯੂਕੇ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਿੱਤੀ ਗਈ। ਜਿੱਥੇ ਕਿ ਪੁਲਿਸ ਥਾਣਾ-ਬੀ ਡਵੀਜ਼ਨ ਦੇ ਥਾਣਾ ਮੁਖੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੌਕੇਪੁਰ ਪੁਜੇ ਤਾਂ ਹਰਪਾਲ ਸਿੰਘ ਯੂਕੇ ਤੇ ਉਸ ਦੇ ਸਾਥੀ ਹਨੇਰੇ ਦਾ ਫ਼ਾਇਦਾ ਲੈਂਦੇ ਭੱਜਣ ਵਿੱਚ ਸਫਲ ਹੋ ਗਏ। ਜਿੱਥੇ ਪੁਲਿਸ ਥਾਣਾ-ਬੀ ਡਿਵੀਜ਼ਨ ਦੇ ਮੁਖੀ ਵੱਲੋਂ ਗੁਰਦੁਆਰਾ ਸਤਲਾਣੀ ਸਾਹਿਬ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਦਿੱਤੀ ਦਰਖਾਸਤ 'ਤੇ ਅਮਲ ਕਰਦਿਆਂ ਹਰਪਾਲ ਸਿੰਘ ਯੂਕੇ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਪਰਚਾ ਦਰਜ ਕਰ ਲਿਆ। ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਹਰਪਾਲ ਸਿੰਘ ਯੂਕੇ ਦੀ ਇਸ ਘਿਨਾਉਣੀ ਹਰਕਤ ਬਾਰੇ ਪਤਾ ਸੀ ਜਿਸ ਲਈ ਉਨ੍ਹਾਂ ਥਾਣਾ-ਬੀ ਡਵੀਜ਼ਨ ਵਿਖੇ 09-07-2022 ਨੂੰ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਬਾਰੇ ਦਰਖਾਸਤ ਦਿੱਤੀ ਗਈ ਸੀ। ਉਸ ਸਮੇਂ ਵੀ ਹਰਪਾਲ ਸਿੰਘ ਭੱਜਣ ਵਿੱਚ ਸਫਲ ਹੋ ਗਿਆ ਸੀ। ਬੀਤੇ ਕੱਲ੍ਹ ਵਾਪਰੀ ਇਸ ਘਟਨਾ ਸਬੰਧੀ ਪੁਲਿਸ ਥਾਣਾ-ਬੀ ਡਵੀਜ਼ਨ ਦੇ ਐਸਐਚਓ ਮੈਡਮ ਰਾਜਵਿੰਦਰ ਕੌਰ ਨੇ ਹਰਪਾਲ ਸਿੰਘ ਯੂਕੇ ਖ਼ਿਲਾਫ਼ ਕਾਰਵਾਈ ਕਰਦਿਆਂ ਗੁਰਦੁਆਰਾ ਸਤਲਾਣੀ ਸਾਹਿਬ ਦੀ ਮਾਲਕੀ ਜ਼ਮੀਨ ਦੀ ਕੰਧ ਤੋੜਨ ਦੀ ਨੀਅਤ ਤੇ ਉਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਪੁਲਿਸ ਥਾਣਾ-ਬੀ ਡਿਵੀਜ਼ਨ ਨੇ ਹਰਪਾਲ ਸਿੰਘ ਯੂਕੇ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 427/148/447/511 ਤਹਿਤ ਪਰਚਾ ਦਰਜ ਕੀਤਾ ਹੈ। ਇਸ ਸੰਬੰਧੀ ਅੱਗੇ ਗੱਲਬਾਤ ਕਰਦਿਆਂ ਮੰਜ਼ਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਯੂਕੇ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੰਧ ਤੋੜਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ ਨਾਲ ਹਰਪਾਲ ਸਿੰਘ ਯੂਕੇ ਤੇ ਉਨ੍ਹਾਂ ਦੇ ਸਾਥੀਆਂ ਗੁਰਦੁਆਰਾ ਸਾਹਿਬ ਦੀ ਮਾਲਕੀ ਜ਼ਮੀਨ ਅੰਦਰ ਪਏ ਲੋਹੇ ਦੇ ਗਾਡਰ, ਸਰੀਆ, ਬਾਲੇ, ਲੋਹੇ ਦੇ ਐਂਗਲ ਅਤੇ ਸੀਮਿੰਟ ਦੀਆਂ ਟੀਨਾ ਵੀ ਚੋਰੀ ਕਰਕੇ ਲੈ ਗਏ ਹਨ। ਜਿਸ ਸੰਬੰਧੀ ਵੀ ਇਕ ਹੋਰ ਦਰਖਾਸਤ ਪੁਲਿਸ ਥਾਣਾ-ਬੀ ਡਵੀਜ਼ਨ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਤਲਾਣੀ ਸਾਹਿਬ ਵੱਲੋਂ ਦਿੱਤੀ ਗਈ ਹੈ। -PTC News

Related Post