ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਨੀ ਦੀ ਜਾਂਚ ਨੂੰ ਰੱਦ ਕਰਦਿਆਂ ਉੱਚ ਪੱਧਰੀ ਜਾਂਚ ਦੀ ਮੰਗ

By  Jashan A November 14th 2018 08:13 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਨੀ ਦੀ ਜਾਂਚ ਨੂੰ ਰੱਦ ਕਰਦਿਆਂ ਉੱਚ ਪੱਧਰੀ ਜਾਂਚ ਦੀ ਮੰਗ,ਚੰਡੀਗੜ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ 12ਵੀਂ ਕਲਾਸ ਦੀਆਂ ਇਤਿਹਾਸ ਦੀਆਂ ਕਿਤਾਬਾਂ ਕੀਤੀਆਂ ਬੱਜਰ ਗਲਤੀਆਂ ਲਈ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਸਿੱਖਿਆ ਸਕੱਤਰ ਰਾਹੀਂ ਜਾਂਚ ਕਰਵਾਉਣ ਦੇ ਦਿੱਤੇ ਹੁਕਮ ਨੂੰ ਰੱਦ ਕਰਦਿਆਂ ਇਸ ਨੂੰ ਗਲਤੀ ਉੱਤੇ ਪਰਦਾ ਪਾਉਣ ਲਈ ਕੀਤਾ ਡਰਾਮਾ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਇਸ ਮਾਮਲੇ ਵਿਚ ਖੁਦ ਮੰਤਰੀ ਵੱਲ ਹੀ ਉਂਗਲੀਆਂ ਉੱਠ ਰਹੀਆਂ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਨੀ ਵੱਲੋਂ ਜਾਂਚ ਦਾ ਹੁਕਮ ਦੇਣ ਉੱਤੇ ਸੁਆਲ ਉਠਾਇਆ ਕਿ ਮੰਤਰੀ ਖੁਦ ਦੋਸ਼ੀ ਹੈ, ਜਿਸ ਉੱਤੇ ਅਜਿਹਾ ਗੰਭੀਰ ਦੋਸ਼ ਕਿਸੇ ਹੋਰ ਨੇ ਨਹੀਂ, ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਾਇਮ ਕੀਤੀ ਓਵਰਸਾਈਟ ਕਮੇਟੀ ਦੇ ਚੇਅਰਮੈਨ ਨੇ ਲਾਇਆ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਸੰਬੰਧਿਤ ਮੰਤਰੀ ਦੇ ਸੋਨੀ ਦੇ ਹੁਕਮਾਂ ਉੱਤੇ ਇੱਕ ਸਕੱਤਰ ਵੱਲੋਂ ਜਾਂਚ ਕਰਵਾਉਣ ਦੀ ਬਜਾਏ ਮੁੱਖ ਮੰਤਰੀ ਨੂੰ ਖੁਦ ਇਸ ਜਾਂਚ ਦਾ ਹੁਕਮ ਦੇਣਾ ਚਾਹੀਦਾ ਸੀ, ਜਿਹੜੀ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਿਸੇ ਸੇਵਾਮੁਕਤ ਜੱਜ ਦੁਆਰਾ ਕਰਵਾਈ ਜਾਣੀ ਚਾਹੀਦੀ ਸੀ ਤਾਂ ਕਿ ਇਸ ਸਾਰੇ ਮਾਮਲੇ ਵਿਚ ਸੰਬੰਧਿਤ ਮੰਤਰੀ ਦੀ ਭੂਮਿਕਾ ਦੀ ਵੀ ਜਾਂਚ ਹੋ ਜਾਵੇ।

ਡਾਕਟਰ ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਸੋਨੀ ਦੇ ਅਧੀਨ ਕੰਮ ਕਰਨ ਵਾਲਾ ਵਿਭਾਗ ਦਾ ਇੱਕ ਸਕੱਤਰ ਉਸ ਮਾਮਲੇ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਿਵੇਂ ਕਰ ਸਕਦਾ ਹੈ, ਜਿਸ ਵਿਚ ਸ਼ੱਕ ਦੀ ਉਸ ਦੇ ਬੌਸ ਦੁਆਲੇ ਵੀ ਘੁੰਮਦੀ ਹੋਵੇ।ਡਾਕਟਰ ਚੀਮਾ ਨੇ ਕਿਹਾ ਕਿ ਓਵਰਸਾਈਟ ਕਮੇਟੀ ਦੇ ਚੇਅਰਮੈਨ ਡਾਕਟਰ ਕਿਰਪਾਲ ਸਿੰਘ ਨੇ ਸਾਫ ਖੁਲਾਸਾ ਕੀਤਾ ਹੈ ਕਿ ਹਰ ਚੈਪਟਰ ਦੇ ਟਾਈਪ ਕੀਤੇ ਪੰਨਿਆਂ ਵਿਚ ਸਾਰੀਆਂ ਗਲਤੀਆਂ ਉਹਨਾਂ ਖੁਦ ਛਾਂਟੀਆਂ ਸਨ, ਪਰੰਤੂ ਮੰਤਰੀ ਦੇ ਦਬਾਅ ਕਾਰਣ ਇਹਨਾਂ ਗਲਤੀਆਂ ਨੂੰ ਸੋਧੇ ਬਿਨਾਂ ਹੀ ਸਾਰੇ ਚੈਪਟਰਾਂ ਨੂੰ ਵੈਬਸਾਇਟ ਉੱਤੇ ਪਾ ਦਿੱਤਾ ਗਿਆ।

ਡਾਕਟਰ ਚੀਮਾ ਨੇ ਕਿਹਾ ਕਿ ਡਾਕਟਰ ਕਿਰਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਹੈ ਕਿ ਬੇਲੋੜੀ ਕਾਹਲ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਣਸੋਧੇ ਚੈਪਟਰ ਅਪਲੋਡ ਕਰ ਦਿੱਤੇ ਗਏ। ਇਹ ਦਬਾਅ ਕਿਸ ਵੱਲੋਂ ਪਾਇਆ ਗਿਆ ਸੀ, ਇਸ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ।

ਡਾਕਟਰ ਚੀਮਾ ਨੇ ਕਿਹਾ ਕਿ ਡਾਕਟਰ ਕਿਰਪਾਲ ਸਿੰਘ ਵੱਲੋਂ ਕੀਤੇ ਖੁਲਾਸਿਆਂ ਦੀ ਰੋਸ਼ਨੀ ਵਿਚ ਸੋਨੀ ਦੀ ਭੂਮਿਕਾ ਸ਼ੱਕੀ ਹੈ ਅਤੇ ਉਸ ਨੂੰ ਕਲੀਨ ਚਿਟ ਦੇਣ ਤੋਂ ਪਹਿਲਾਂ ਇਸ ਦੀ ਨਿਰਪੱਖ ਅਤੇ ਭਰੋਸੇਯੋਗ ਜਾਂਚ ਕਰਵਾਏ ਜਾਣ ਦੀ ਲੋੜ ਹੈ।ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਕੱਤਰ ਪੱਧਰ ਦੀ ਜਾਂਚ ਨੂੰ ਬੰਦ ਕਰਕੇ ਇਸ ਮਾਮਲੇ ਦੀ ਤਾਜ਼ਾ ਜਾਂਚ ਦਾ ਹੁਕਮ ਦੇਣ ਤਾਂ ਕਿ ਲੋਕਾਂ ਦਾ ਮੌਜੂਦਾ ਸਰਕਾਰ ਵਿਚ ਵਿਸ਼ਵਾਸ਼ ਬਣਿਆ ਰਹੇ।

—PTC News

Related Post