ਮੁੱਖ ਮੰਤਰੀ ਚੰਨੀ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ

By  Riya Bawa October 3rd 2021 02:53 PM -- Updated: October 3rd 2021 03:05 PM

ਮੋਰਿੰਡਾ: ਅੱਜ ਪੰਜਾਬ ਹਰਿਆਣਾ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਇਸ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜ਼ਿਲ੍ਹਾ ਰੋਪੜ ਦੀ ਮੋਰਿੰਡਾ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ।

ਮੁੱਖ ਮੰਤਰੀ ਚੰਨੀ ਵੱਲੋਂ ਸੂਬੇ ਦੇ ਲੋਕਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਗਿਆ ਕਿ ਲਾਲ ਲਕੀਰ ਅੰਦਰ ਆਉਣ ਵਾਲੇ ਗਰੀਬ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਨੌਜਵਾਨਾਂ ਦੀ ਨੌਕਰੀਆਂ ਨੂੰ ਲੈ ਕੇ ਕਿਹਾ ਕਿ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਸੀਟ ਖਾਲ਼ੀ ਕਰਨ ਤੇ ਨਵੇਂ ਨੌਜਵਾਨਾਂ ਨੂੰ ਮੋਕਾ ਦੇਣ।

ਇਸ ਦੌਰਾਨ CM ਚੰਨੀ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਦੋਸ਼ ਦੇ ਇਕ ਘੰਟਾ ਵੀ ਕਿਸੇ ਵਿਅਕਤੀ ਨੂੰ ਥਾਣੇ 'ਚ ਨਹੀਂ ਬਿਠਾਇਆ ਜਾਵੇਗਾ। ਉਨ੍ਹਾਂ ਨੇ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ। ਮੋਰਿੰਡਾ ਦੇ ਰਾਜਮਹਿਲ ਪੈਲੇਸ ਵਿਖੇ ਇਹ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿਚ ਕਿਸਾਨ ਮਜ਼ਦੂਰਾਂ ਨੂੰ ਕਰਜ਼ ਮੁਆਫੀ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਗਏ।

ਇਹ ਹਨ ਵੱਡੇ ਐਲਾਨ

ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕਰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਮਾਣ ਦਿੱਤਾ ਹੈ, ਜੋ ਉਹ ਹਮੇਸ਼ਾ ਬਣਾਈ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਨ ਜਾ ਸਕਦੀ ਹੈ ਪਰ ਉਹ ਕਦੇ ਗਲਤ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਪਿੰਡਾਂ 'ਚ ਪੀਣ ਵਾਲੇ ਪਾਣੀ ਲਈ ਵੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਫਾਰਮੂਲੇ 'ਤੇ ਦਵੇਗੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ

ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਨੌਜਵਾਨਾਂ ਦੀ ਨੌਕਰੀਆਂ ਨੂੰ ਲੈ ਕੇ ਕਿਹਾ ਕਿ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਸੀਟ ਖਾਲ਼ੀ ਕਰਨ ਤੇ ਨਵੇਂ ਨੋਜਵਾਨਾ ਨੂੰ ਮੋਕਾ ਦੇਣ। ਮੁੱਖ ਮੰਤਰੀ ਨੇ ਕਿਹਾ ਡੀ.ਜੀ.ਪੀ ਦੀ ਨਿਯੁਕਤੀ ਅਜੇ ਹੋਣੀ ਹੈ ਜਿਸਦੇ ਲਈ 10 ਅਫਸਰਾਂ ਦੀ ਸੂਚੀ ਕੇਂਦਰ ਨੂੰ ਭੇਜੀ ਗਈ ਹੈ ਤੇ ਤਿੰਨ ਨਾਵਾਂ ਦਾ ਪੈਨਲ ਆਉਣ ਤੋਂ ਬਾਅਦ ਨਵਜੋਤ ਸਿੱਧੂ ਤੇ ਬਾਕੀ ਵਿਧਾਇਕਾਂ ਦੀ ਰਾਏ ਨਾਲ ਡੀ. ਜੀ. ਪੀ ਦੀ ਨਿਯੁਕਤੀ ਹੋਵੇਗੀ। 30 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੁਲਿਸ ਦੇ ਅਧਿਕਾਰੀਆਂ ਦੀ ਸੂਚੀ ਵੀ ਭੇਜੀ ਜਾ ਚੁਕੀ ਹੈ।

ਉਨ੍ਹਾਂ ਕਿਹਾ ਕਿ ਕਿਸੇ ਦੇ ਨਾਲ ਵੀ ਧੋਖਾਧੜੀ ਨਹੀਂ ਹੋਵੇਗੀ। ਐਮ ਐਲ ਏ ਬਣਨ ਮਗਰੋਂ ਚਮਕੌਰ ਸਾਹਿਬ ਦੇ ਲਈ ਕਈ ਕੰਮ ਕੀਤੇ ਹਨ ਤੁਸੀਂ ਮੈਨੂੰ ਪਹਿਲੀ ਵਾਰੀ ਆਜ਼ਾਦ ਜਿਤਵਾਇਆ ਸੀ। ਦੂਜੀ ਵਾਰ ਜਿੱਤ ਦਾ ਪਾੜਾ ਤਿੰਨ ਗੁਣਾਂ ਵਧਾ ਦਿੱਤਾ ਹੈ। ਹੁਣ ਚਮਕੌਰ ਸਾਹਿਬ ਨੂੰ ਹੋਰ ਵਿਕਸਿਤ ਕਰਨ ਦੇ ਲਈ ਅੰਡਰਬ੍ਰਿਜ ਬਣਾਇਆ ਜਾ ਰਿਹਾ ਹੈ। ਸਰਕਾਰ ਦੇ ਵੱਲੋਂ ਪੰਜਾਬ ਦੀ ਜਨਤਾ ਦੇ ਲਈ ਅਤੇ ਉਨ੍ਹਾਂ ਦੇ ਹਿੱਤਾਂ ਦੇ ਲਈ ਕੰਮ ਕੀਤੇ ਜਾਣਗੇ।

ਉਨ੍ਹਾਂ ਨੇ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਵਿਕਾਸ ਕਾਰਜ 'ਚ ਦੇਰੀ ਨਹੀਂ ਹੋਣੀ ਚਾਹੀਦੀ। ਇਸ ਮੌਕੇ ਉਨ੍ਹਾਂ ਵੱਲੋਂ 520 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਵੀ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ 2 ਲੱਖ, 85 ਹਜ਼ਾਰ ਦੇ ਕਰੀਬ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸੂਬੇ ਅੰਦਰ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦੇਣਗੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 64 ਹਜ਼ਾਰ ਦੇ ਕਰੀਬ ਪਰਿਵਾਰਾਂ ਨੂੰ ਅੱਜ ਕਰਜ਼ਾ ਮੁਆਫ਼ੀ ਦੇ ਚੈੱਕ ਵੰਡੇ ਗਏ ਹਨ।

-PTC News

Related Post