ਪਿੰਡਾਂ 'ਚੋਂ ਦੁੱਧ ਖਰੀਦਣ ਲਈ ਮਿਲਕਫੈਡ ਆਧੁਨਿਕ ਢਾਂਚਾ ਕਰੇ ਵਿਕਸਿਤ : ਸੀਐਮ

By  Riya Bawa September 1st 2022 03:44 PM -- Updated: September 1st 2022 03:53 PM

ਚੰਡੀਗੜ੍ਹ: ਸੂਬੇ ਵਿਚ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਲਕਫੈੱਡ ਨੂੰ ਚੰਗੀ ਗੁਣਵੱਤਾ ਵਾਲਾ ਦੁੱਧ ਖਰੀਦਣ ਤੇ ਸਪਲਾਈ ਕਰਨ ਲਈ ਪਿੰਡਾਂ ਵਿਚ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਹੁਕਮ ਦਿੱਤੇ ਹਨ। ‘ਦਾ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਜਿਸ ਨੂੰ ਮਿਲਕਫੈੱਡ ਦੇ ਤੌਰ ਉਤੇ ਜਾਣਿਆ ਜਾਂਦਾ ਹੈ, ਦੇ ਕੰਮਕਾਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪਿੰਡਾਂ ਤੋਂ ਗੁਣਵੱਤਾ ਭਰਪੂਰ ਦੁੱਧ ਇਕੱਤਰ ਕਰਨ ਲਈ ਅਤੇ ਇਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਗਾਹਕਾਂ ਨੂੰ ਸਪਲਾਈ ਕਰਨ ਲਈ ਦੁੱਧ ਦੀ ਖਰੀਦ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਮਿਲਕਫੈੱਡ ਆਪਣੇ ਪ੍ਰਸਿੱਧ ਬਰਾਂਡ ‘ਵੇਰਕਾ’ ਲਈ ਨਵੇਂ ਮੌਕੇ ਸਿਰਜੇਗਾ ਜਿਸ ਦਾ ਇਕੋ-ਇਕ ਉਦੇਸ਼ ਸਾਰਿਆਂ ਦੇ ਸਮੂਹਿਕ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

bhagwant

ਉਨ੍ਹਾਂ ਕਿਹਾ ਕਿ ਮਿਲਕਫੈੱਡ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੇ ਸਾਰੇ ਸੰਭਾਵੀ ਪਿੰਡਾਂ ਨੂੰ ਵੀ ਆਪਣੇ ਨਾਲ ਜੋੜਿਆ ਜਾਵੇ ਅਤੇ ਇਨ੍ਹਾਂ ਪਿੰਡਾਂ ਤੋਂ ਵੱਧ ਤੋਂ ਵੱਧ ਮਿਕਦਾਰ ਵਿਚ ਦੁੱਧ ਖਰੀਦਿਆ ਜਾਵੇ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਕਮਾਤਰ ਉਦੇਸ਼ ਸਹਿਕਾਰਤਾ ਦੀ ਅਸਲ ਭਾਵਨਾ ਨੂੰ ਅਪਣਾਉਂਦੇ ਹੋਏ ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਤੇ ਦੁੱਧ ਦੀ ਚੰਗੀ ਕੀਮਤ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਨੌਜਵਾਨਾਂ ਵਿੱਚ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਆਤਮ ਨਿਰਭਰ ਬਣਾਇਆ ਜਾ ਸਕੇ। ਭਗਵੰਤ ਮਾਨ ਨੇ ਆਧੁਨਿਕ ਤਕਨਾਲੋਜੀ ਦੀ ਵਿਧੀ ਵਿਕਸਤ ਕਰਨ ਉਤੇ ਵੀ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮੁੱਚੀ ਪ੍ਰਣਾਲੀ ਪਾਰਦਰਸ਼ੀ ਅਤੇ ਖਪਤਕਾਰ ਪੱਖੀ ਬਣੀ ਰਹੇ।

ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਨਾ ਸਿਰਫ਼ ਸੂਬੇ ਵਿੱਚ ਸਗੋਂ ਦੇਸ਼ ਭਰ ਵਿੱਚ ਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਖਪਤਕਾਰ ਮੰਡੀ ਦੇ ਵੱਡੇ ਹਿੱਸੇ ਨੂੰ ਹਾਸਲ ਕਰਨ ਲਈ ਮਾਰਕੀਟਿੰਗ ਵਾਸਤੇ ਜ਼ੋਰਦਾਰ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਮੋਹਰੀ ਸਹਿਕਾਰੀ ਅਦਾਰੇ ਦੀ ਘਰੇਲੂ ਬਜ਼ਾਰ ਵਿੱਚ ਪ੍ਰਤੱਖ ਮੌਜੂਦਗੀ ਹੈ ਕਿਉਂਕਿ ਇਸ ਖੇਤਰ ਦੇ ਘਰ-ਘਰ ਵਿਚ ‘ਵੇਰਕਾ’ ਜਾਣਿਆ-ਪਛਾਣਿਆ ਨਾਮ ਹੈ। ਭਗਵੰਤ ਮਾਨ ਨੇ ਕਿਹਾ ਕਿ ਵੇਰਕਾ ਉਤਪਾਦਾਂ ਜਿਵੇਂ ਘਿਓ, ਦੁੱਧ, ਮੱਖਣ, ਲੱਸੀ, ਖੀਰ, ਦਹੀਂ, ਆਈਸ ਕਰੀਮ, ਮਠਿਆਈਆਂ ਅਤੇ ਹੋਰਾਂ ਨੇ ਪਹਿਲਾਂ ਹੀ ਦੇਸ਼ ਭਰ ਦੀ ਮਾਰਕੀਟ ਵਿੱਚ ਆਪਣਾ ਸਥਾਨ ਬਣਾ ਲਿਆ ਹੈ, ਜਿਸ ਨੂੰ ਠੋਸ ਯਤਨਾਂ ਰਾਹੀਂ ਹੋਰ ਅੱਗੇ ਵਧਾਇਆ ਜਾ ਸਕਦਾ ਹੈ।

bhagwantmann

ਇਹ ਵੀ ਪੜ੍ਹੋ:ਵਿਜੀਲੈਂਸ ਨੇ ਮਨਪ੍ਰੀਤ ਸਿੰਘ ਈਸੇਵਾਲ ਨੂੰ ਹਿਰਾਸਤ 'ਚ ਲੈ ਕੇ ਕੀਤੀ ਪੁੱਛਗਿੱਛ

ਮੁੱਖ ਮੰਤਰੀ ਨੇ ਮਿਲਕਫੈੱਡ ਨੂੰ ਵਿੱਤੀ ਸਾਲ 2021-2022 ਦੀ 4869 ਕਰੋੜ ਰੁਪਏ ਦੀ ਕੁੱਲ ਕਮਾਈ ਨੂੰ ਦੁੱਗਣਾ ਕਰਕੇ ਵਿੱਤੀ ਸਾਲ 2026-2027 ਤੱਕ 10,000 ਕਰੋੜ ਰੁਪਏ ਕਰਨ ਲਈ ਵੀ ਆਖਿਆ। ਉਨ੍ਹਾਂ ਨੇ ਇਸ ਨੇਕ ਕਾਰਜ ਲਈ ਮਿਲਕਫੈੱਡ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਭਗਵੰਤ ਮਾਨ ਨੇ ਮਿਲਕਫੈੱਡ ਨੂੰ ਦਿੱਲੀ-ਐੱਨ.ਸੀ.ਆਰ., ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਰਗੇ ਨਾਲ ਲਗਦੇ ਸੂਬਿਆਂ ਦੀ ਮਾਰਕੀਟ ਵਿੱਚ ਵੱਡੀ ਪੱਧਰ 'ਤੇ ਆਪਣੀ ਮੌਜੂਦਗੀ ਦਰਸਾਉਣ ਲਈ ਪੂਰੇ ਯਤਨ ਕਰਨ ਲਈ ਵੀ ਕਿਹਾ। ਇਸ ਮੌਕੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ ਰਵਨੀਤ ਕੌਰ, ਰਜਿਸਟਰਾਰ ਸਹਿਕਾਰੀ ਸਭਾਵਾਂ ਨੀਲਕੰਠ ਐਸ. ਅਵਧ, ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਢਾਕਾ ਅਤੇ ਹੋਰ ਵੀ ਹਾਜ਼ਰ ਸਨ।

-PTC News

Related Post