ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਹਰੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ

By  Shanker Badra July 14th 2020 03:14 PM

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਹਰੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ:ਚੰਡੀਗੜ੍ਹ : ਪੰਜਾਬ ਵਿੱਚ 72 ਘੰਟੇ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ ਘਰੇਲੂ ਏਕਾਂਤਵਾਸ ਤੋਂ ਛੋਟ ਦੇ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਸੂਬੇ ਦੀ ਸੀਮਾ 'ਤੇ ਚੈੱਕ ਪੋਸਟ ਵਿਖੇ ਸਿਰਫ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ। ਸੂਬੇ ਵਿੱਚ ਆਉਣ ਵਾਲੇ ਘਰੇਲੂ ਮੁਸਾਫਰਾਂ ਲਈ ਇਸ ਰਾਹਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਆਖਿਆ ਕਿ ਇਹ ਰਿਆਇਤ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਅਤੇ ਹੋਰ ਕਾਰੋਬਾਰੀ ਮੁਸਾਫਰਾਂ ਆਦਿ ਨੂੰ ਦੇਣ ਦਾ ਫੈਸਲਾ ਲਿਆ ਹੈ,ਜਿਨ੍ਹਾਂ ਦੀ ਇੱਥੇ ਪਹੁੰਚਣ 'ਤੇ 72 ਘੰਟਿਆਂ ਤੋਂ ਘੱਟ ਸਮੇਂ ਦੀ ਠਹਿਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਾਤਰੀਆਂ ਨੂੰ 14-ਦਿਨਾ ਦੇ ਲਾਜ਼ਮੀ ਏਕਾਂਤਵਾਸ ਦੀ ਜ਼ਰੂਰਤ ਤੋਂ ਵੀ ਛੋਟ ਦੇਣ ਦਾ ਫੈਸਲਾ ਲਿਆ ਗਿਆ ਜਦਕਿ ਪੰਜਾਬ ਆਉਣ ਵਾਲੇ ਬਾਕੀ ਘਰੇਲੂ ਮੁਸਾਫਰਾਂ ਲਈ ਘਰੇਲੂ ਏਕਾਂਤਵਾਸ ਦੀ ਵਿਵਸਥਾ ਪਹਿਲਾਂ ਵਾਂਗ ਬਰਕਰਾਰ ਰਹੇਗੀ।

ਜਿਨ੍ਹਾਂ ਯਾਤਰੀਆਂ ਨੂੰ ਇਹ ਛੋਟ ਹਾਸਲ ਹੈ, ਉਨ੍ਹਾਂ ਨੂੰ ਕੋਵਾ ਐਪ 'ਤੇ ਮੁਹੱਈਆ ਕਰਵਾਈ ਤੈਅ ਪ੍ਰਕ੍ਰਿਆ ਵਿੱਚ ਚੈੱਕ ਪੋਸਟ ਦੇ ਆਫੀਸਰ ਇੰਚਾਰਜ ਕੋਲ ਰਸਮੀ ਸਵੈ-ਘੋਸ਼ਣਾ ਪੱਤਰ ਸੌਂਪਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੂੰ ਆਪਣੇ ਮੋਬਾਈਲਾਂ 'ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ। ਇਸ ਐਪ 'ਤੇ ਮੁਸਾਫਰਾਂ ਬਾਰੇ ਸੂਚਨਾ ਵਾਲੇ ਹਿੱਸੇ ਵਿੱਚ ਆਪਣੀ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੂੰ ਇਹ ਘੋਸ਼ਣਾ-ਪੱਤਰ ਦੇਣਾ ਹੋਵੇਗਾ ਕਿ ਪੰਜਾਬ ਵਿੱਚ ਠਹਿਰ ਦੌਰਾਨ ਕੋਵਾ ਐਪ ਸਰਗਰਮ ਰੱਖਣੀ ਪਵੇਗੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਹਰੋਂ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ

ਅਜਿਹੇ ਯਾਤਰੀਆਂ ਲਈ ਹੋਰ ਨਿਰਧਾਰਤ ਸੰਚਾਲਨ ਵਿਧੀ (ਐਸ.ਪੀ.ਓਜ਼) ਮੁਤਾਬਕ ਇਨ੍ਹਾਂ ਨੂੰ ਸਵੈ-ਇੱਛੁਤ ਤੌਰ 'ਤੇ ਦੱਸਣਾ ਹੋਵੇਗਾ ਕਿ ਉਹ ਕਿਸੇ ਸੀਮਿਤ ਜ਼ੋਨ (ਕੰਟੇਨਮੈਂਟ ਜ਼ੋਨ) ਤੋਂ ਨਹੀਂ ਆ ਰਹੇ ਅਤੇ ਸੂਬੇ ਵਿੱਚ ਪਹੁੰਚਣ ਦੇ ਸਮੇਂ ਤੋਂ ਲੈ ਕੇ ਉਹ ਪੰਜਾਬ ਵਿੱਚ 72 ਘੰਟਿਆਂ ਤੋਂ ਵੱਧ ਸਮਾਂ ਨਹੀਂ ਠਹਿਰਨਗੇ। ਇਸ ਸਮੇਂ ਦੌਰਾਨ ਉਹ ਆਪਣੀ ਸਿਹਤ ਦੀ ਨਿਗਰਾਨੀ ਕਰਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਪਾਬੰਦ ਰਹਿਣਗੇ। ਜੇਕਰ ਕੋਵਿਡ-19 ਨਾਲ ਸਬੰਧਤ ਕਿਸੇ ਵੀ ਲੱਛਣ ਦਾ ਪਤਾ ਲਗਦਾ ਹੈ ਤਾਂ ਉਹ ਨਿਯੁਕਤ ਕੀਤੀ ਨਿਗਰਾਨੀ ਟੀਮ ਨਾਲ ਗੱਲਬਾਤ ਕਰਨਗੇ ਅਤੇ ਤੁਰੰਤ 104 ਨੰਬਰ 'ਤੇ ਕਾਲ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਮਾਸਕ ਪਹਿਨਣ/ਸਮਾਜਿਕ ਦੂਰੀ ਆਦਿ ਦਾ ਪਾਲਣ ਨਾ ਕਰਨ 'ਤੇ 'ਦਿ ਐਪੀਡੈਮਿਕ ਡਿਜੀਜ਼ ਐਕਟ-1897' ਦੀ ਵਿਵਸਥਾ ਅਨੁਸਾਰ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜੇਕਰ ਵਾਪਸੀ ਕਰਨ ਦੇ ਇਕ ਹਫ਼ਤੇ ਦੇ ਅੰਦਰ ਕਿਸੇ ਵੀ ਵਿਅਕਤੀ ਦਾ ਟੈਸਟ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 104 'ਤੇ ਕਾਲ ਕਰਨੀ ਹੋਵੇਗੀ ਅਤੇ ਸੰਪਰਕ ਕਰਕੇ ਲੋਕਾਂ ਨੂੰ ਲੱਭਣ ਵਿੱਚ ਮਦਦ ਵੀ ਕਰਨੀ ਹੋਵੇਗੀ।

ਇਹ ਜ਼ਿਕਰਯੋਗ ਹੈ ਕਿ ਭਾਵੇਂ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਘਰੇਲੂ ਯਾਤਰੀਆਂ ਲਈ ਘਰੇਲੂ ਏਕਾਂਤਵਾਸ ਦੀ ਜ਼ਰੂਰਤ ਨੂੰ ਖਤਮ ਕਰਨ ਦਿੱਤਾ ਹੈ ਅਤੇ ਉਸ ਦੀ ਥਾਂ 'ਤੇ ਸਵੈ-ਨਿਗਰਾਨੀ ਕਰਨ ਲਈ ਆਖਿਆ ਗਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਕੋਵਿਡ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਪੰਜਾਬ ਵਿੱਚ ਏਕਾਂਤਵਾਸ ਦੀਆਂ ਬੰਦਿਸ਼ਾਂ ਜਾਰੀ ਰਹਿਣਗੀਆਂ। ਅੱਜ ਦਾ ਐਲਾਨ ਨਿਯਮਾਂ ਵਿੱਚ ਦਿੱਤੀ ਗਈ ਇਕੋ-ਇਕ ਢਿੱਲ ਹੈ।

-PTCNews

Related Post