ਬਿੱਟੂ ਕਾਂਗਰਸ ਸਰਕਾਰ ਨੂੰ ਪੁੱਛੇ ਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਤੋਂ ਫੰਡ ਲੈ ਰਹੇ ਸਰਕਾਰੀ ਜਥੇਦਾਰਾਂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ:ਅਕਾਲੀ ਦਲ

By  Shanker Badra August 7th 2018 08:02 PM -- Updated: August 7th 2018 08:08 PM

ਬਿੱਟੂ ਕਾਂਗਰਸ ਸਰਕਾਰ ਨੂੰ ਪੁੱਛੇ ਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਤੋਂ ਫੰਡ ਲੈ ਰਹੇ ਸਰਕਾਰੀ ਜਥੇਦਾਰਾਂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ:ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੂੰ ਕਿਹਾ ਹੈ ਕਿ ਉਹ ਸੰਸਦ ਵਿਚ ਝੂਠ ਨਾ ਬੋਲੇ ਅਤੇ ਸੂਬੇ ਅੰਦਰਲੀ ਆਪਣੀ ਕਾਂਗਰਸ ਸਰਕਾਰ ਨੂੰ ਪੁੱਛੇ ਕਿ ਪਾਕਿਸਤਾਨ ਦੀ ਏਜੰਸੀ ਆਈਐਸਆਈ ਤੋਂ ਦਹਿਸ਼ਤੀਆਂ ਗਤੀਵਿਧੀਆਂ ਲਈ ਫੰਡ ਹਾਸਿਲ ਕਰਨ ਦੇ ਦੋਸ਼ੀ ਸਰਕਾਰੀ ਜਥੇਦਾਰਾਂ ਖਿਲਾਫ਼ ਉਹ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ ?

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਦੁੱਖ ਭਰੀ ਅਤੇ ਨਿੰਦਣਯੋਗ ਗੱਲ ਹੈ ਕਿ ਰਵਨੀਤ ਬਿੱਟੂ ਸੂਬੇ ਦੇ ਹਾਲਾਤ ਖਰਾਬ ਕਰਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਕਰਕੇ ਸੰਸਦ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਹਨਾਂ ਕਿਹਾ ਕਿ ਜਦਕਿ ਸੱਚਾਈ ਇਹ ਹੈ ਕਿ ਇਹ ਕਾਂਗਰਸ ਪਾਰਟੀ ਹੀ ਹੈ,ਜਿਸ ਨੇ ਬਰਗਾੜੀ ਵਿਖੇ 'ਰਾਇਸ਼ੁਮਾਰੀ 2020' ਦੀ ਬਰਾਂਚ ਖੋਲ ਰੱਖੀ ਹੈ।ਬਿੱਟੂ ਨੂੰ ਇਹ ਪੁੱਛਦਿਆ ਕਿ ਉਹ ਪੰਜਾਬ ਵਿਚ ਭਾਰਤ-ਵਿਰੋਧੀ ਏਜੰਡੇ ਦੀ ਹਮਾਇਤ ਅਤੇ ਦਿੱਲੀ ਵਿਚ ਝੂਠੀ ਦੇਸ਼ ਭਗਤੀ ਦਾ ਵਿਖਾਵਾ ਕਿਵੇਂ ਕਰ ਸਕਦਾ ਹੈ, ਮਜੀਠੀਆ ਨੇ ਕਾਂਗਰਸੀ ਸਾਂਸਦ ਨੂੰ ਸਪੱਸ਼ਟ ਕਰਨ ਲਈ ਆਖਿਆ ਕਿ ਉਹ ਜੁਆਬ ਦੇਵੇ ਕਿ ਕਾਂਗਰਸ ਨੇ ਸਿੱਖ ਕੌਮ ਅੰਦਰ ਵੰਡੀਆਂ ਪਾਉਣ ਲਈ ਸਰਕਾਰ ਜਥੇਦਾਰ ਕਿਉਂ ਖੜੇ ਕੀਤੇ ਹਨ ?

ਮਜੀਠੀਆ ਨੇ ਬਿੱਟੂ ਨੂੰ ਇਹ ਵੀ ਪੁੱਛਿਆ ਕਿ ਉਹ ਇਸ ਗੱਲ ਦਾ ਜੁਆਬ ਦੇਵੇ ਕਿ ਕਾਂਗਰਸ ਸਰਕਾਰ ਇਹਨਾਂ ਸਰਕਾਰੀ ਜਥੇਦਾਰਾਂ ਨੂੰ ਉਹਨਾਂ ਹੀ ਵਿਅਕਤੀਆਂ ਕੋਲੋਂ ਵਿਦੇਸ਼ੀ ਫੰਡ ਲੈਣ ਦੀ ਆਗਿਆ ਕਿਉਂ ਦੇ ਰਹੀ ਹੈ,ਜਿਹੜੇ ਕਿ ਆਈਐਸਆਈ ਦੇ ਮਿਸ਼ਨ ਆਪਰੇਸ਼ਨ ਐਕਸਪ੍ਰੈਸ ਯਾਨੀ ਰਾਇਸ਼ੁਮਾਰੀ 2020 ਲਈ ਫੰਡ ਪ੍ਰਦਾਨ ਕਰ ਰਹੇ ਹਨ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇਹਨਾਂ ਗਰਮ ਖ਼ਿਆਲੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਉਹਨਾਂ ਨੂੰ ਵਿਦੇਸ਼ਾਂ ਤੋਂ ਆ ਰਹੇ ਫੰਡਾਂ ਦੇ ਸਰੋਤ ਬਾਰੇ ਜਾਂਚ ਕਰਵਾਉਣ ਤੋਂ ਇਨਕਾਰ ਕਰ ਰਹੀ ਹੈ,ਜਦਕਿ ਇਸ ਬਾਰੇ ਹੁਣ ਪੂਰੀ ਦੁਨੀਆਂ ਨੂੰ ਪਤਾ ਲੱਗ ਚੁੱਕਿਆ ਹੈ।ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਚੁੱਕਿਆ ਹੈ ਪਰੰਤੂ ਬਿੱਟੂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਮਸਲੇ ਪ੍ਰਤੀ ਜਾਣ ਬੁੱਝ ਕੇ ਬੇਧਿਆਨਾ ਬਣਿਆ ਹੋਇਆ ਹੈ ਅਤੇ ਸੰਸਦ ਦਾ ਇਸਤੇਮਾਲ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਨ ਵਾਸਤੇ ਕਰ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਇਸ ਗੱਲ ਵੀ ਬਹੁਤ ਹੀ ਸ਼ਰਮਨਾਕ ਹੈ ਕਿ ਬਿੱਟੂ ਨੇ ਪੰਜਾਬ ਵਿਚ ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਕਾਇਮ ਕੀਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਤਿਆਰ ਕੀਤੀ ਫਾਈਨਲ ਰਿਪੋਰਟ ਵਿਚ ਕਾਂਗਰਸੀ ਜਥੇਦਾਰਾਂ ਦੀ ਭੂਮਿਕਾ ਬਾਰੇ ਵੀ ਚੁੱਪੀ ਧਾਰ ਰੱਖੀ ਹੈ।ਉਹਨਾਂ ਕਿਹਾ ਕਿ ਬਿੱਟੂ ਇਸ ਤੱਥ ਨੂੰ ਲੁਕੋਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਕਿ ਬੇਅਦਬੀ ਕਮਿਸ਼ਨ ਦੀ ਰਿਪੋਰਟ ਕਾਂਗਰਸ ਵੱਲੋਂ ਖੜੇ ਕੀਤੇ ਜਥੇਦਾਰਾਂ ਵੱਲੋਂ ਕਾਂਗਰਸ ਭਵਨ ਵਿਚ ਬੈਠ ਕੇ ਤਿਆਰ ਕੀਤੀ ਗਈ ਸੀ।ਉਹਨਾਂ ਕਿਹਾ ਕਿ ਇਸ ਕਮਿਸ਼ਨ ਦਾ ਨਾਂ ਬਦਲ ਕੇ 'ਇਨਜਸਟਿਸ ਕਾਂਗਰਸ ਗਾਂਧੀ ਕਮਿਸ਼ਨ' (ਬੇਇਨਸਾਫੀ ਕਰਨ ਵਾਲਾ ਕਾਂਗਰਸ ਗਾਂਧੀ ਕਮਿਸ਼ਨ) ਰੱਖ ਦੇਣਾ ਚਾਹੀਦਾ ਹੈ।ਇਹ ਟਿੱਪਣੀ ਕਰਦਿਆਂ ਕਿ ਬਿੱਟੂ ਨੇ ਆਪਣੀ ਆਂਟੀ ਇੰਦਰਾ ਗਾਂਧੀ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ,ਜਿਸ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ ਨਾਲ ਹਮਲਾ ਕਰਕੇ ਪੰਜਾਬ ਅੰਦਰ ਅਸਥਿਰਤਾ ਲਿਆਂਦੀ ਸੀ ਅਤੇ ਨਾ ਹੀ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਪਾਰਟੀ ਤੋਂ ਕੁੱਝ ਸਿੱਖਿਆ ਹੈ।ਮਜੀਠੀਆ ਨੇ ਕਿਹਾ ਕਿ ਕਾਂਗਰਸ ਹੁਣ ਫਿਰ ਉਸ ਲੀਹ ਉੱਤੇ ਤੁਰ ਪਈ ਹੈ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਧਾਰਮਿਕ ਮੁਖੀ ਖੜੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਨੂੰ ਚੁਣੌਤੀ ਦਿੱਤੀ ਹੈ।ਪਹਿਲਾਂ ਵੀ ਅਜਿਹੇ ਕਦਮਾਂ ਨੇ ਪੰਜਾਬ ਨੂੰ 20 ਸਾਲਾਂ ਲਈ ਬਲਦੀ ਅੱਗ ਵਿਚ ਸੁੱਟ ਦਿੱਤਾ ਸੀ।ਬਿੱਟੂ ਹੁਣ ਦੁਬਾਰਾ ਗਾਂਧੀ ਪਰਿਵਾਰ ਦੀ ਸੱਤਾ ਹਾਸਿਲ ਕਰਨ ਲਈ ਸਿੱਖਾਂ ਵਿਚ ਵੰਡੀਆਂ ਪਾਉਣ ਦੀ ਨੀਤੀ ਉੱਤੇ ਚੱਲ ਰਿਹਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਿੰਨੀ ਭਿਆਨਕ ਗੱਲ ਹੈ ਕਿ ਰਵਨੀਤ ਬਿੱਟੂ ਅਜੇ ਵੀ ਆਪਣੇ ਦਾਦੇ ਬੇਅੰਤ ਸਿੰਘ ਦੇ ਕਤਲ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।ਉਹਨਾਂ ਕਿਹਾ ਕਿ ਬਿੱਟੂ ਨੇ ਸੰਸਦ ਕੋਲੋਂ ਇਹ ਅਹਿਮ ਤੱਥ ਲੁਕਾਇਆ ਹੈ ਕਿ ਉਸ ਨੇ ਅਤੇ ਉਸ ਦੇ ਭਰਾ ਗੁਰਕੀਰਤ ਕੋਟਲੀ ਨੇ ਇਸ ਤੋਂ ਪਹਿਲਾਂ ਆਪਣੇ ਦਾਦੇ ਦੇ ਕਾਤਿਲ ਬਲਵੰਤ ਸਿੰਘ ਰਾਜੋਆਣਾ ਲਈ ਰਹਿਮ ਦੀ ਮੰਗ ਕੀਤੀ ਸੀ।ਉਹਨਾਂ ਕਿਹਾ ਕਿ ਤੁਸੀਂ ਪੰਜਾਬ ਵਿਚ ਰਾਜੋਆਣਾ ਲਈ ਰਹਿਮ ਅਤੇ ਦਿੱਲੀ ਵਿਚ ਜਾ ਕੇ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰ ਸਕਦੇ।

-PTCNews

Related Post