ਕਾਂਗਰਸੀ ਮੈਨੀਫੈਸਟੋ ਚਿੱਕੜ 'ਚ ਖਲੋ ਕੇ ਚੰਨ ਦੇਣ ਦਾ ਵਾਅਦਾ: ਪ੍ਰਕਾਸ਼ ਸਿੰਘ ਬਾਦਲ

By  Jashan A April 2nd 2019 09:29 PM

ਕਾਂਗਰਸੀ ਮੈਨੀਫੈਸਟੋ ਚਿੱਕੜ 'ਚ ਖਲੋ ਕੇ ਚੰਨ ਦੇਣ ਦਾ ਵਾਅਦਾ: ਪ੍ਰਕਾਸ਼ ਸਿੰਘ ਬਾਦਲ,ਚੰਡੀਗੜ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਨੂੰ 'ਕਿਸੇ ਵੱਲੋਂ ਚਿੱਕੜ 'ਚ ਖਲੋ ਕੇ ਦੂਜਿਆਂ ਨੂੰ ਚੰਨ ਦੇਣ ਦਾ ਕੀਤਾ ਵਾਅਦਾ' ਕਰਾਰ ਦਿੱਤਾ ਹੈ।ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਕਾਂਗਰਸੀ ਮੈਨੀਫੈਸਟੋ ਕੋਰੀਆਂ ਗੱਪਾਂ ਅਤੇ ਨਾ ਪੂਰੇ ਕੀਤੇ ਜਾਣ ਯੋਗ ਵਾਅਦਿਆਂ ਨਾਲ ਭਰਿਆ ਇੱਕ ਜਾਅਲੀ ਦਸਤਾਵੇਜ਼ ਹੈ।

ਉਹਨਾਂ ਕਿਹਾ ਕਿ ਬੁਰੀ ਤਰ੍ਹਾਂ ਬੌਖਲਾਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਾਰਿਆਂ ਨੂੰ ਇਸ ਕਰਕੇ ਹਰ ਚੀਜ਼ ਦੇਣ ਦਾ ਵਾਅਦਾ ਕਰ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਪਾਰਟੀ ਦੀ ਜਿੱਤਣ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਲੋਕਾਂ ਨਾਲ ਵੱਡੇ ਵਾਅਦੇ ਕਰਨ ਵਿਚ ਵੀ ਕੋਈ ਜੋਖ਼ਮ ਨਹੀ ਹੈ।

ਬਾਦਲ ਨੇ ਯਾਦ ਕੀਤਾ ਕਿ ਡਾਕਟਰ ਮਨਮੋਹਨ ਸਿੰਘ ਨੇ ਦੋ ਸਾਲ ਪਹਿਲਾਂ ਪੰਜਾਬ ਕਾਂਗਰਸ ਦਾ ਵੀ ਮੈਨੀਫੈਸਟੋ ਜਾਰੀ ਕੀਤਾ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਧੀ ਸੀ, ਪਰ ਉਹਨਾਂ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਕੋਈ ਕਿਵੇਂ ਵਾਅਦੇ ਪੂਰੇ ਕਰਨ ਦੀ ਉਮੀਦ ਰੱਖ ਸਕਦਾ ਹੈ, ਕਿਉਂਕਿ ਉਸ ਦੀ ਪਾਰਟੀ ਨੇ ਮਨਮੋਹਨ ਸਿੰਘ ਵੱਲੋਂ ਕੀਤੇ ਗਏ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਹੈ।

ਹੋਰ ਪੜ੍ਹੋ: ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

ਬਾਦਲ ਨੇ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਪਤਾ ਹੈ ਕਿ ਉਹਨਾਂ ਦੇ ਜਿੱਤਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ, ਉਹ ਬਿਨਾਂ ਜੁਆਬਦੇਹੀ ਦੀ ਚਿੰਤਾ ਕਰੇ ਲੋਕਾਂ ਨੂੰ ਅਜੀਬੋ ਗਰੀਬ ਵਾਅਦੇ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਭ ਵੱਡੀ ਦਾ ਹਾਰ ਦਾ ਸਾਹਮਣਾ ਕਰੇਗੀ।

ਉਹਨਾਂ ਕਿਹਾਕਿ ਭਾਵੇਂਕਿ ਇਹ ਮੈਨੀਫੈਸਟੋ ਸਭ ਤੋਂ ਵੱਡੇ ਕਾਂਗਰਸੀ ਸਿੱਖ ਆਗੂ ਡਾਕਟਰ ਮਨਮੋਹਨ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ, ਪਰੰਤੂ ਇਸ ਵਿਚ 1984 ਕਤਲੇਆਮ ਵਾਸਤੇ ਮੁਆਫੀ ਜਾਂ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਸੰਬੰਧੀ ਇੱਕ ਵੀ ਸ਼ਬਦ ਨਹੀਂ ਹੈ। ਉਹਨਾਂ ਕਿਹਾ ਕਿ ਆਪਣੇ ਅਪਰਾਧ ਵਾਸਤੇ ਖੁਦ ਨੂੰ ਸਜ਼ਾ ਦੇਣ ਦਾ ਵਾਅਦਾ ਉਹ ਕਿਵੇਂ ਕਰ ਸਕਦੇ ਹਨ?

ਉਹਨਾਂ ਕਿਹਾ ਕਿ ਇਸ ਦੀ ਬਜਾਇ ਪਾਰਟੀ ਦੀ ਜਨਰਲ ਸਕੱਤਰ ਅਤੇ ਸਰਗਰਮ ਸਿਆਸਤ ਅੰਦਰ ਤਾਜ਼ਾ ਦਾਖਲ ਹੋਈ ਪ੍ਰਿਯੰਕਾ ਗਾਂਧੀ ਅਜਿਹੇ ਵਿਅਕਤੀ ਯਾਨਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ਸੰਗਤ ਵਿਚ 'ਝੂਠ ਦੀ ਪੰਡ ਮੈਨੀਫੈਸਟੋ ਦਾ ਮੁਜ਼ਾਹਰਾ ਕਰਦੀ ਰਹੀ, ਜਿਹੜਾ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਾਂਗ ਸਿੱਖਾਂ ਉੱਤੇ ਹਮਲੇ ਕਰਨ ਵਾਲੀਆਂ ਭੀੜਾਂ ਦੀ ਅਗਵਾਈ ਕਰਨ ਦਾ ਦੋਸ਼ੀ ਹੈ।

-PTC News

Related Post