ਪੰਜਾਬ 'ਚ 10 ਗੁਣਾ ਵਧੇ ਕੋਰੋਨਾ ਦੇ ਮਾਮਲੇ, ਸੋਨੀਆ ਗਾਂਧੀ ਨੇ CM ਚੰਨੀ ਤੋਂ ਮੰਗੀ ਰਿਪੋਰਟ

By  Riya Bawa January 3rd 2022 11:54 AM

Corona Virus In Punjab: ਪੰਜਾਬ ਵਿੱਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਐਤਵਾਰ ਨੂੰ 24 ਘੰਟਿਆਂ ਦੌਰਾਨ 417 ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। 49 ਮਰੀਜ਼ ਅਜੇ ਵੀ ਲਾਈਫ ਸੇਵਿੰਗ ਸਪੋਰਟ 'ਤੇ ਹਨ। ਹੁਣ 1,349 ਐਕਟਿਵ ਕੇਸ ਹਨ। ਅਜਿਹੇ 'ਚ ਪੰਜਾਬ 'ਚ ਕੋਰੋਨਾ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਸ ਦੀ ਰਿਪੋਰਟ ਲਈ ਹੈ।

ਕਿਹਾ ਜਾ ਰਿਹਾ ਹੈ ਕਿ ਲਗਾਤਾਰ ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਰਾਤ ਦਾ ਕਰਫਿਊ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਸਕ ਨੂੰ ਲੈ ਕੇ ਵੀ ਸਖ਼ਤੀ ਕੀਤੀ ਜਾ ਸਕਦੀ ਹੈ। ਮੰਤਰੀ ਕਾਕਾ ਰਣਦੀਪ ਨੇ ਕਿਹਾ ਕਿ ਜੇਕਰ ਮਾਮਲੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਸਰਕਾਰ ਯਕੀਨੀ ਤੌਰ 'ਤੇ ਰਾਤ ਦਾ ਕਰਫਿਊ ਲਗਾਉਣ ਬਾਰੇ ਵਿਚਾਰ ਕਰੇਗੀ।

ਪੰਜਾਬ 'ਚ ਪਟਿਆਲਾ ਕੋਰੋਨਾ ਦਾ ਹੌਟਸਪੌਟ ਬਣ ਗਿਆ ਹੈ। ਐਤਵਾਰ ਨੂੰ ਇੱਥੇ 133 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 98 ਅਤੇ ਸ਼ੁੱਕਰਵਾਰ ਨੂੰ 71 ਮਰੀਜ਼ ਮਿਲੇ ਸਨ। ਇਸ ਤੋਂ ਇਲਾਵਾ ਪਠਾਨਕੋਟ 'ਚ 78, ਮੋਹਾਲੀ 'ਚ 55, ਜਲੰਧਰ 'ਚ 45, ਲੁਧਿਆਣਾ 'ਚ 40 ਮਾਮਲੇ ਸਾਹਮਣੇ ਆਏ ਹਨ। ਬਾਕੀ ਜ਼ਿਲ੍ਹਿਆਂ ਵਿੱਚ 20 ਤੋਂ ਘੱਟ ਮਰੀਜ਼ ਪਾਏ ਗਏ ਹਨ। ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਹਾਲੀ 'ਚ 3 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਧਾਨ ਸਭਾ ਚੋਣ ਰੈਲੀਆਂ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਦੀ ਸਥਿਤੀ ਤੇਜ਼ੀ ਨਾਲ ਵਿਗੜਦੀ ਜਾ ਰਹੀ ਹੈ। ਅਜਿਹੇ 'ਚ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਹੈ। ਸੋਨੀਆ ਨੇ ਕਿਹਾ ਕਿ ਕੋਰੋਨਾ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ। ਹਰ ਸੰਭਾਵਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

-PTC News

Related Post