ਏਮਜ਼ ਵੱਲੋਂ ਨਹੀਂ ਕੀਤਾ ਜਾ ਰਿਹਾ Covid -19 ਨਾਲ ਮਰਨ ਵਾਲੇ ਮਰੀਜ਼ਾਂ ਦਾ ਪੋਸਟ ਮਾਰਟਮ

By  Panesar Harinder April 24th 2020 05:52 PM -- Updated: April 24th 2020 05:53 PM

ਨਵੀਂ ਦਿੱਲੀ - ਛੂਤ ਰਾਹੀਂ ਫ਼ੈਲਣ ਵਾਲੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਲਏ ਇੱਕ ਫ਼ੈਸਲੇ ਅਨੁਸਾਰ, ਫ਼ਾਰੈਂਸਿਕ ਡਾਕਟਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਏਮਜ਼ ਦਿੱਲੀ ਵੱਲੋਂ Covid -19 ਨਾਲ ਮਰਨ ਵਾਲੇ ਮਰੀਜ਼ਾਂ ਦਾ ਪੋਸਟ ਮਾਰਟਮ ਨਹੀਂ ਕੀਤਾ ਜਾ ਰਿਹਾ। ਏਮਜ਼ ਦਿੱਲੀ ਤੋਂ ਫ਼ਾਰੈਂਸਿਕ ਮੈਡੀਸਿਨ ਤੇ ਟੌਕਸੀਕੋਲੋਜੀ ਵਿਭਾਗ ਦੇ ਮੁਖੀ ਡਾ. ਸੁਧੀਰ ਗੁਪਤਾ ਦਾ ਕਹਿਣਾ ਹੈ ਕਿ ਅਜਿਹੇ ਮਰੀਜ਼ਾਂ ਦਾ ਪੋਸਟ ਮਾਰਟਮ ਕਰਨਾ ਵੀ ਬਹੁਤ ਖ਼ਤਰਨਾਕ ਤੇ ਜੋਖਮ ਭਰਿਆ ਕੰਮ ਹੈ। ਇਸੇ ਕਰਕੇ ਅਜਿਹੇ ਮਾਮਲਿਆਂ ਵਿੱਚ ਅਸੀਂ ਇਹ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ 6 ਸ਼ੱਕੀ ਮਾਮਲਿਆਂ ਵਿੱਚ ਅਸੀਂ ਪੋਸਟ ਮਾਰਟਮ ਨਹੀਂ ਕੀਤਾ। ਫ਼ਾਰੈਂਸਿਕ ਮੈਡੀਸਿਨ ਤੇ ਟੌਕਸੀਕੋਲੋਜੀ ਵਿਭਾਗ ਵੱਲੋਂ ਇਸ ਬਾਰੇ ਇੱਕ ਸਰਕੁਲਰ ਵੀ ਜਾਰੀ ਕੀਤਾ ਗਿਆ ਸੀ। ਡਾ. ਗੁਪਤਾ ਨੇ ਅੱਗੇ ਕਿਹਾ ਕਿ ਵਿੱਦਿਅਕ ਕਾਰਨਾਂ ਕਰਕੇ ਅਸੀਂ ਪੋਸਟ ਮਾਰਟਮ ਨੂੰ ਜਾਰੀ ਰੱਖਣ ਬਾਰੇ ਵੀ ਯੋਜਨਾਬੰਦੀ ਕਰ ਰਹੇ ਹਾਂ, ਪਰ ਫ਼ਿਲਹਾਲ ਨਹੀਂ। ਉਨ੍ਹਾਂ ਕਿਹਾ ਕਿ ਇਸ ਵੇਲੇ ਬਹੁਤ ਦਹਿਸ਼ਤ ਦਾ ਮਾਹੌਲ ਹੈ ਤੇ ਅਸੀਂ ਪੋਸਟ ਮਾਰਟਮ ਕਰਾਂਗੇ ਜ਼ਰੂਰ, ਪਰ ਬਾਅਦ ਵਿੱਚ। ਅਸੀਂ ਫ਼ੇਫ਼ੜਿਆਂ, ਦਿਮਾਗ ਅਤੇ ਜਿਗਰ ਉੱਤੇ ਇਸ ਦਾ ਅਸਰ ਜਾਂਚਣਾ ਚਾਹੁੰਦੇ ਹਾਂ, ਪਰ ਇਸ ਵਿੱਚ ਸਮਾਂ ਲੱਗੇਗਾ। ਜਾਰੀ ਹੋਏ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੇ 'ਵਿਸ਼ੇਸ਼ ਕਾਰਨਾਂ' ਕਰਕੇ ਪੋਸਟ ਮਾਰਟਮ ਕਰਨਾ ਵੀ ਪਵੇ, ਤਾਂ ਕਈ ਸਾਵਧਾਨੀ ਭਰੇ ਕਦਮ ਯਕੀਨੀ ਬਣਾਏ ਜਾਣ ਜਿਨ੍ਹਾਂ ਵਿੱਚ ਬਾਡੀ ਬੈਗ ਨੂੰ ਨਾ ਹਟਾਉਣਾ ਅਤੇ ਐਂਬਾਲਮਿੰਗ ਨਾ ਕਰਨਾ ਸ਼ਾਮਲ ਹੈ। ਨਾਲ ਹੀ ਮ੍ਰਿਤਕ ਸਰੀਰ ਨੂੰ ਜ਼ਿੱਪ ਬੰਦ ਬੈਗ 'ਚ ਰੱਖਿਆ ਜਾਣਾ ਤੇ Covid -19 ਲਿਖਿਆ ਜਾਣਾ ਵੀ ਇਸ ਦਾ ਹਿੱਸਾ ਹੈ। ਕੋਰੋਨਾ ਨੂੰ ਦੇਖਦੇ ਹੋਏ ਡਾਕਟਰ ਕਿਸੇ ਕਿਸਮ ਦਾ ਜੋਖਮ ਚੁੱਕਣ ਦੀ ਹਾਲਤ ਵਿੱਚ ਨਹੀਂ, ਅਤੇ ਇਸੇ ਕਾਰਨ ਹੋਰਨਾਂ ਕਾਰਨਾਂ ਤੋਂ ਮੌਤ ਦਾ ਸ਼ਿਕਾਰ ਹੋਏ ਮਰੀਜ਼ਾਂ ਦੇ ਮ੍ਰਿਤਕ ਸਰੀਰ ਰੱਖਣ ਲਈ ਵੀ ਵਿਸ਼ੇਸ਼ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਸਰਕੁਲਰ 'ਚ ਇਹ ਵੀ ਅੰਕਿਤ ਹੈ ਕਿ ਪਿਛਲੀ ਰਾਤ ਦੇ ਮ੍ਰਿਤਕ ਸਰੀਰਾਂ ਨੂੰ ਜ਼ਿਆਦਾ ਦੇਰ ਤੱਕ ਸੰਭਾਲਣ ਤੋਂ ਗੁਰੇਜ਼ ਕੀਤਾ ਜਾਵੇ। ਏਮਜ਼ ਵਿਖੇ ਫ਼ਰਵਰੀ 22 ਤੋਂ 27 ਦਰਮਿਆਨ ਹੋਏ 127 ਪੋਸਟ ਮਾਰਟਮਾਂ ਦੇ ਮੁਕਾਬਲੇ 23 ਮਾਰਚ ਤੋਂ 22 ਅਪ੍ਰੈਲ ਦਰਮਿਆਨ ਗਿਣਤੀ ਘਟ ਕੇ 81 ਰਹਿ ਗਈ। ਡਾ. ਗੁਪਤਾ ਦੇ ਦੱਸਣ ਅਨੁਸਾਰ ਦੇਸ਼ ਵਿਆਪੀ ਲੌਕਡਾਊਨ ਕਾਰਨ ਖ਼ੁਦਕੁਸ਼ੀ, ਕਤਲ ਅਤੇ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੇ ਹੋਣ ਵਾਲੇ ਪੋਸਟ ਮਾਰਟਮ ਦੀ ਗਿਣਤੀ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

Related Post