ਵਿਸ਼ਵ-ਵਿਆਪੀ ਕੋਰੋਨਾ ਮਹਾਮਾਰੀ, ਲਟਕ ਗਈਆਂ ਪੌਣ-ਪਾਣੀ ਅਤੇ ਕੁਦਰਤ ਦੇ ਵਿਸ਼ਿਆਂ ਨਾਲ ਜੁੜੀਆਂ ਕਾਨਫ਼ਰੰਸਾਂ

By  Panesar Harinder March 28th 2020 07:41 PM -- Updated: March 28th 2020 07:54 PM

ਕੋਰੋਨਵਾਇਰਸ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਹੋਣ ਵਾਲੀਆਂ ਵਿਗਿਆਨਕ ਕਾਨਫਰੰਸਾਂ ਰੱਦ ਕੀਤੀਆਂ ਜਾ ਰਹੀਆਂ ਹਨ। ਵਾਤਾਵਰਣ ਵਿਗਿਆਨੀ ਅਤੇ ਕਾਰਕੁਨਾਂ ਨੂੰ ਡਰ ਹੈ ਕਿ ਇਨ੍ਹਾਂ ਅੰਤਰਰਾਸ਼ਟਰੀ ਬੈਠਕਾਂ ਬਾਰੇ ਪੈਦਾ ਹੋਈ ਅਨਿਸ਼ਚਿਤਤਾ ਅਤੇ ਇਸ ਦੇ ਨਤੀਜੇ ਵਜੋਂ ਵਾਤਾਵਰਨ ਦਾ ਮੁੱਦਾ ਮਨੁੱਖਤਾ ਦੀ ਪਹਿਲ 'ਤੇ ਨਾ ਰਹਿਣਾ, ਦੋਵੇਂ ਗੱਲਾਂ ਦਾ ਸਾਡੇ ਭਵਿੱਖ 'ਤੇ ਭਾਰਾ ਅਸਰ ਪਾਉਣਗੀਆਂ।

ਸੀਓਪੀ 15 (COP15) ਵਜੋਂ ਜਾਣੀ ਜਾਂਦੀ, ਸੰਯੁਕਤ ਰਾਸ਼ਟਰ ਦੀ ਬਾਇਓ ਡਾਇਵਰਸਿਟੀ (ਜੀਵ-ਵਿਭਿੰਨਤਾ) ਕਨਵੈਨਸ਼ਨ ਨਾਲ ਸੰਬੰਧਿਤ ਦਲਾਂ ਦੀ ਪੰਦਰ੍ਹਵੀਂ ਬੈਠਕ ਆਉਂਦੇ ਅਕਤੂਬਰ, ਚੀਨ ਵਿਖੇ ਕਰਨ ਦੀ ਯੋਜਨਾਬੰਦੀ ਸੀ, ਪਰ ਸਹਿਯੋਗੀ ਸੰਸਥਾਵਾਂ ਅਤੇ ਕਾਰਜਕਾਰੀ ਸਮੂਹ ਦੀਆਂ ਬੈਠਕਾਂ ਵਿੱਚ ਦੇਰੀ ਕਾਰਨ ਮਜਬੂਰੀ ਵੱਸ ਇਹ ਨਿਰਧਾਰਿਤ ਸਮੇਂ 'ਤੇ ਹੋ ਨਹੀਂ ਸਕੇਗੀ। ਅਜਿਹੇ ਹੀ ਸਵਾਲ ਨਵੰਬਰ ਦੌਰਾਨ ਸਕਾਟਲੈਂਡ ਵਿਖੇ ਹੋਣ ਵਾਲੀ ਜਲਵਾਯੂ ਤਬਦੀਲੀ ਕਾਨਫ਼ਰੰਸ COP26 ਨੂੰ ਲੈ ਕੇ ਖੜ੍ਹੇ ਹਨ।

ਸੀਓਪੀ 15 ਵਿਖੇ ਨਵੇਂ ਵਿਸ਼ਵ-ਵਿਆਪੀ ਜੈਵਿਕ ਵਿਭਿੰਨਤਾ ਦੇ ਖ਼ਾਕੇ ਨੂੰ ਅੰਤਮ ਰੂਪ ਦਿੱਤੇ ਜਾਣ ਦੀ ਯੋਜਨਾ ਸੀ, ਜਦਕਿ ਜਲਵਾਯੂ ਤਬਦੀਲੀ ਕਾਨਫ਼ਰੰਸ ਦਾ ਵਿਸ਼ਾ ਸੀ ਕਿ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿੱਚ ਕਮੀ ਲਈ ਸੂਚੀਬੱਧ ਦੇਸ਼ ਆਪਣਾ ਨਿਰਧਾਰਤ ਯੋਗਦਾਨ ਪਾਉਣ ਅਤੇ ਸੰਸਾਰ ਪੱਧਰ 'ਤੇ ਇਸ ਵਿਸ਼ੇ ਸੰਬੰਧੀ ਨਿਯਮ ਲਾਗੂ ਕੀਤੇ ਜਾਣ।

ਜੀਵ ਵਿਗਿਆਨੀ ਟੌਮ ਵੇਕਫੋਰਡ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ (COVID-19) ਨੇ ਸਾਨੂੰ ਸਾਡੇ ਦਰਪੇਸ਼ ਖ਼ਤਰੇ ਦਾ ਅਹਿਸਾਸ ਕਰਵਾ ਦਿੱਤਾ ਹੈ, ਕਿਉਂ ਕਿ ਸਾਰੇ ਦੇਸ਼ਾਂ ਨੇ ਇੱਕ ਸਾਂਝਾ ਪ੍ਰੋਗਰਾਮ ਬਣਾਉਣ ਦੀ ਬਜਾਇ, ਆਪਣਾ ਆਪਣਾ ਰਸਤਾ ਚੁਣਨ ਨੂੰ ਪਹਿਲ ਦਿੱਤੀ ਜਿਹੜਾ ਕਿ ਲੰਮਾ ਸੋਚਣ ਦੀ ਥਾਂ ਬਹੁਤ ਨੇੜਲੇ ਭਵਿੱਖ 'ਤੇ ਹੀ ਕੇਂਦਰਿਤ ਰਿਹਾ।

ਜੈਵਿਕ ਵਿਭਿੰਨਤਾ ਅਤੇ ਜਲਵਾਯੂ ਸੰਮੇਲਨ ਜਲਦ ਕਰਵਾਏ ਜਾਣ ਦੀ ਵਕਾਲਤ ਕਰਦਿਆਂ ਵੇਕਫੋਰਡ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਫੈਲਣਾ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਘੱਟ ਜੈਵਿਕ ਵਿਭਿੰਨਤਾ, ਵਾਤਾਵਰਣ ਪ੍ਰਣਾਲੀ ਦੀ ਤਬਾਹੀ ਵਿਨਾਸ਼ ਅਤੇ ਮਨੁੱਖੀ ਸਿਹਤ ਅਤੇ ਸੁਰੱਖਿਆ ਦੀਆਂ ਗੁੰਝਲਦਾਰ ਅਸਥਿਰਤਾ ਤੇ ਬੇਤਰਤੀਬੀ ਦਾ ਹੀ ਪ੍ਰਗਟਾਵਾ ਹੈ।

ਜਦ ਕਿ ਵਾਤਾਵਰਣ ਸ਼ਾਸਤਰੀ ਅਤੇ ਲੇਖਕ ਕਾਰਲ ਸਫੀਨਾ ਦਾ ਕਹਿਣਾ ਹੈ ਕਿ ਹਾਲਾਂਕਿ ਇਨ੍ਹਾਂ ਬੈਠਕਾਂ ਵਿੱਚ ਹੋਣ ਵਾਲੇ ਵਿਚਾਰ-ਵਟਾਂਦਰੇ ਬਹੁਤ ਮਹੱਤਵਪੂਰਨ ਹਨ, ਪਰ ਅਜਿਹਾ ਨਹੀਂ ਲੱਗਦਾ ਕਿ ਇਨ੍ਹਾਂ ਵਿੱਚ ਦੇਰੀ ਸੰਸਾਰ ਪੱਧਰ 'ਤੇ ਕੋਈ ਬਹੁਤ ਵੱਡੇ ਅੰਤਰ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਹਾਸੋਹੀਣੀ ਗੱਲ ਇਹ ਹੈ ਕਿ ਹਵਾ ਅਤੇ ਪਾਣੀ ਦੀ ਗੁਣਵੱਤਾ ਲਈ ਐਨੀ ਚਰਚਾ ਤਾਂ ਪਿਛਲੇ 30 ਸਾਲਾਂ 'ਚ ਕਦੇ ਨਹੀਂ ਹੋਈ ਜਿੰਨੀ ਹੁਣ ਮਹਾਮਾਰੀ ਦੌਰਾਨ ਹੋ ਰਹੀ ਹੈ। ਸੰਸਾਰ ਉੱਤੇ ਪਏ ਅਸਲ ਪ੍ਰਭਾਵ ਬੜੇ ਤੇਜ਼ ਅਤੇ ਸਕਾਰਾਤਮਕ ਹੀ ਰਹੇ ਹਨ। ਨਾ ਸਿਰਫ਼ ਲੋਕਾਂ ਲਈ ਤੇ ਸਿਰਫ਼ ਸਾਡੇ ਕੰਮ ਕਰਨ ਦੇ ਤਰੀਕਿਆਂ ਲਈ, ਬਲਕਿ ਹਰ ਚੀਜ਼ ਲਈ ਪ੍ਰਭਾਵ ਸਾਕਾਰਾਤਮਕ ਹੀ ਹੈ ਅਤੇ ਇਸ ਨੇ ਮਸਲਿਆਂ ਨੂੰ ਸਾਡੇ ਸਾਹਮਣੇ ਸਪੱਸ਼ਟ ਰੱਖ ਦਿੱਤਾ ਹੈ, ਹੁਣ ਇਨ੍ਹਾਂ ਬਾਰੇ ਵਿਚਾਰ-ਚਰਚਾ ਅਤੇ ਕਾਰਜ-ਪ੍ਰਣਾਲੀਆਂ ਨੂੰ ਅਮਲ ਹੇਠ ਲਿਆਉਣਾ ਸਾਡੀ ਜ਼ਿੰਮੇਵਾਰੀ ਹੈ।

ਕੋਲੰਬੀਆ ਯੂਨੀਵਰਸਿਟੀ ਦੇ ਅਰਥ ਇੰਸਟੀਚਿਊਟ (Earth Institute) ਦੇ ਕੁਦਰਤੀ ਸਰੋਤ ਅਰਥ ਸ਼ਾਸਤਰ ਦੇ ਪ੍ਰੋਫੈਸਰ ਸਕਾਟ ਬੈਰੇਟ ਦਾ ਕਹਿਣਾ ਹੈ ਕਿ ਜੀਵ-ਵਿਭਿੰਨਤਾ ਦੀ ਸੰਭਾਲ ਅਤੇ ਮੌਸਮੀ ਤਬਦੀਲੀ ਨਾਜ਼ੁਕ ਮੁੱਦੇ ਹਨ, ਪਰ ਇਨ੍ਹਾਂ ਮੁੱਦਿਆਂ 'ਤੇ ਅਧਾਰਿਤ ਆਗਾਮੀ ਬੈਠਕਾਂ ਦਾ ਅੱਗੇ-ਪਿੱਛੇ ਹੋ ਜਾਣਾ ਨੁਕਤਾਚੀਨੀ ਦਾ ਵਿਸ਼ਾ ਨਹੀਂ। ਇਹ ਮੁਲਾਕਾਤਾਂ ਬੀਤੇ ਸਮੇਂ ਦੌਰਾਨ ਚੁੱਕੇ ਗਏ ਕਦਮਾਂ 'ਤੇ ਅਧਾਰਿਤ ਸਾਂਝੀ ਰਾਇ ਨਾਲ ਸੰਬੰਧਿਤ ਹਨ ਜਿਹੜੇ ਉਮੀਦ ਮੁਤਾਬਿਕ ਕਾਰਗਰ ਨਹੀਂ ਸਾਬਤ ਹੋਏ।

ਜ਼ਿਕਰਯੋਗ ਹੈ ਕਿ ਉਪਗ੍ਰਹਿ ਕੋਪਰਨੀਕਸ ਸੇਂਟੀਨਲ -5ਪੀ (Sentinel-5P) ਅਤੇ ਨਾਸਾ ਦੇ ਔਰਾ ਸੈਟੇਲਾਈਟ (Aura satellite) ਦੇ ਅੰਕੜੇ ਦਰਸਾਉਂਦੇ ਹਨ ਕਿ ਮੌਜੂਦਾ ਰੁਕਾਵਟਾਂ ਕਾਰਨ ਉਦਯੋਗ ਅਤੇ ਆਵਾਜਾਈ ਦੁਆਰਾ ਨਿੱਕਲਣ ਵਾਲੀ ਨਾਈਟ੍ਰੋਜਨ ਡਾਈਆਕਸਾਈਡ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੋਰਨਾਂ ਤੱਤਾਂ ਵਿੱਚ ਵਿਸ਼ਵ-ਪੱਧਰ 'ਤੇ ਬਹੁਤ ਵੱਡੀ ਗਿਰਾਵਟ ਆਈ ਹੈ।

Related Post