UNICEF ਦੀ ਚੇਤਾਵਨੀ- ਕੋਵਿਡ-19 ਕਾਰਨ ਵਿਸ਼ਵ ਭਰ 'ਚ 67 ਲੱਖ ਬੱਚੇ ਹੋ ਸਕਦੇ ਹਨ 'ਕੁਪੋਸ਼ਣ' ਦੇ ਸ਼ਿਕਾਰ

By  Kaveri Joshi July 30th 2020 01:44 PM

UNICEF ਦੀ ਚੇਤਾਵਨੀ- ਕੋਵਿਡ-19 ਕਾਰਨ ਵਿਸ਼ਵ ਭਰ 'ਚ 67 ਲੱਖ ਬੱਚੇ ਹੋ ਸਕਦੇ ਹਨ 'ਕੁਪੋਸ਼ਣ' ਦੇ ਸ਼ਿਕਾਰ:ਕੋਵਿਡ-19 ਨੇ ਪੂਰੇ ਵਿਸ਼ਵ 'ਚ ਹਾਹਾਕਾਰ ਮਚਾਈ ਹੋਈ ਹੈ, ਨਿੱਤ ਦਿਨ ਨਵੇਂ ਕੇਸਾਂ ਦਾ ਵਾਧਾ ਜਨਤਾ ਅੰਦਰ ਦਹਿਸ਼ਤ ਪੈਦਾ ਕਰ ਰਿਹਾ ਹੈ। ਕੋਰੋਨਾਵਾਇਰਸ ਦੀ ਮਾਰ ਝੱਲ ਰਹੇ ਸਮੂਹ ਦੇਸ਼ਾਂ 'ਚ ਇੱਕ ਚਿੰਤਾ ਇਹ ਵੀ ਜਤਾਈ ਜਾ ਰਹੀ ਹੈ ਕਿ ਭੁੱਖ ਨਾਲ ਵਿਲਕਦੇ 67 ਲੱਖ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਜਾਣਗੇ।

ਦੱਸ ਦੇਈਏ ਕਿ ਯੂਨੀਸੈੱਫ਼ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੇ ਹਾਲਾਤਾਂ ਦੇ ਚਲਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਦੇਖਦਿਆਂ ਇਸ ਸਾਲ ਵਿਸ਼ਵ ਭਰ 'ਚ ਪੰਜ ਸਾਲ ਤੋਂ ਘੱਟ ਉਮਰ ਦੇ 67 ਲੱਖ ਬੱਚਿਆਂ ਦੇ ਕੁਪੋਸ਼ਨ ਦੀ ਸਮੱਸਿਆ ਦੇ ਸ਼ਿਕਾਰ ਹੋ ਜਾਣ ਦਾ ਖਦਸ਼ਾ ਹੈ। ਯੂਨੀਸੈੱਫ਼ ਮੁਤਾਬਕ ਭਾਰਤ 'ਚ ਅਜੇ ਵੀ ਕੁਪੋਸ਼ਨ ਦੇ ਪੰਜ ਸਾਲ ਤੋਂ ਘੱਟ ਉਮਰ ਦੇ 20 ਮਿਲੀਅਨ ਬੱਚੇ ਇਸ ਸਮੱਸਿਆ ਨਾਲ ਜੂਝ ਰਹੇ ਹਨ।

ਦੱਸਣਯੋਗ ਹੈ ਕਿ ਗਲੋਬਲ ਭੁੱਖ ਇੰਡੈਕਸ 2019 ਅਨੁਸਾਰ 2008-2012 ਦੌਰਾਨ ਭਾਰਤ 'ਚ ਬੱਚਿਆਂ 'ਚ ਕੁਪੋਸ਼ਨ ਸਮੱਸਿਆ 16.5 ਪ੍ਰਤੀਸ਼ਤ ਸੀ , ਜੋ ਸਾਲ 2014-2018 ਦੌਰਾਨ 20.8 ਪ੍ਰਤੀਸ਼ਤ ਹੋ ਗਈ। ਯੂਨੀਸੈੱਫ਼ ਦੇ ਅਨੁਸਾਰ ਕੋਰੋਨਾ ਦੀ ਆਮਦ ਤੋਂ ਪਹਿਲਾਂ ਵੀ 2019 'ਚ ਚਾਰ ਕਰੋੜ 47 ਲੱਖ ਬੱਚੇ ਕੁਪੋਸ਼ਨ ਦੇ ਸ਼ਿਕਾਰ ਹੋਏ ਹਨ, ਪਰ ਇਸ ਸਾਲ ਕੋਵਿਡ-19 ਦੀ ਮਾਰ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ 67 ਲੱਖ ਬੱਚਿਆਂ ਦੀ ਕੁਪੋਸ਼ਨ ਦੇ ਸ਼ਿਕਾਰ ਹੋਣ ਦਾ ਡਰ ਹੈ।

ਕੁਪੋਸ਼ਣ ਇੱਕ ਸਰੀਰਕ ਬਿਮਾਰੀ ਹੈ, ਜੋ ਭੁੱਖ ਅਤੇ ਖਾਣੇ ਵਿੱਚ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦੀ ਹੈ। ਇਸ ਘਾਟ ਕਾਰਨ ਮਨੁੱਖੀ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਨ੍ਹਾਂ ਪੋਸ਼ਕ ਤੱਤਾਂ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ ਅਤੇ ਖਣਿਜ ਤੱਤ ਸ਼ਾਮਿਲ ਹਨ।ਯੂਨੀਸੈੱਫ਼ ਦੇ ਕਾਰਜਕਾਰੀ ਡਾਇਰੈਕਟਰ ਹੈਨਰੀਟਾ ਫੋਰਨ ਨੇ ਕਿਹਾ, “ਕੋਵਿਡ19 ਦੇ ਕੇਸਾਂ ਦੀ ਆਮਦ ਨੂੰ ਸੱਤ ਮਹੀਨੇ ਹੋ ਗਏ ਹਨ ਅਤੇ ਇਹ ਸਪਸ਼ੱਟ ਹੋ ਗਿਆ ਹੈ ਕਿ ਮਹਾਂਮਾਰੀ ਦੇ ਨਤੀਜੇ ਘਾਤਕ ਤਾਂ ਹਨ ਹੀ ਪਰ ਇਸ ਕਾਰਨ ਕੁਪੋਸ਼ਣ ਦੀ ਸਮੱਸਿਆ ਵੀ ਉਪਜ ਰਹੀ ਹੈ ।

" ਗਰੀਬੀ ਅਤੇ ਘਰੇਲੂ ਖਾਣ-ਪੀਣ ਦੀ ਵਸਤੂਆਂ ਦੀ ਘਾਟ 'ਚ ਵਾਧਾ ਹੋਇਆ ਹੈ। ਜ਼ਰੂਰੀ ਪੋਸ਼ਣ ਸੇਵਾਵਾਂ ਅਤੇ ਸਪਲਾਈ ਚੇਨਾਂ 'ਚ ਵਿਘਨ ਪਿਆ ਹੈ । ਖੁਰਾਕ ਵਸਤੂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਨਤੀਜੇ ਵਜੋਂ , ਬੱਚਿਆਂ ਦੀ ਖੁਰਾਕ ਦੀ ਗੁਣਵੱਤਾ ਵਿੱਚ ਗਿਰਾਵਟ ਆਈ ਹੈ ਜਿਸਦੇ ਚਲਦੇ ਕੁਪੋਸ਼ਣ ਦੀ ਦਰ ਵਿੱਚ ਵੀ ਵਾਧਾ ਹੋਵੇਗਾ।"

Related Post