ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ

By  Pardeep Singh October 19th 2022 04:35 PM

ਚੰਡੀਗੜ੍ਹ: ਅਕਸਰ ਪੰਜਾਬੀਆਂ ਦੀ ਇਹ ਖ਼ਾਸੀਅਤ ਰਹੀ ਹੈ ਕਿ ਉਹ ਖੁਲਦਿਲੀ ਨਾਲ ਹਰ ਕੰਮ ਕਰਦੇ ਹਨ ਠੀਕ ਉਸੇ ਤਰ੍ਹਾਂ ਜਿਵੇਂ ਉਹ ਆਪਣੇ ਸਾਰੇ ਦਿਨ ਤਿਉਹਾਰ ਪੂਰੇ ਚਾਅ-ਦੁਲਾਰ ਅਤੇ ਸ਼ਾਨੋ-ਸ਼ੌਕਤ ਨਾਲ ਮਨਾਉਂਦੇ ਰਹੇ ਹਨ। ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਗੱਲ ਕਰੀਏ ਤਾਂ ਇਸ ਦੀ ਅੰਮ੍ਰਿਤਸਰ ਦੇ ਇਤਿਹਾਸ ਨਾਲ ਕੁਝ ਵਿਸ਼ੇਸ਼ ਕਿਸਮ ਦੀ ਸਾਂਝੇਦਾਰੀ ਝਲਕਦੀ ਹੈ| ਦੀਵਾਲੀ ਤਿਉਹਾਰ ਪ੍ਰਤੀ ਉਤਸ਼ਾਹ ਅਤੇ ਚਾਅ-ਦੁਲਾਰ ਕਰਕੇ ਹੀ ਇਹ ਅਖੌਤ ਪ੍ਰਸਿੱਧ ਹੈ- ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।

ਅੰਮ੍ਰਿਤਸਰ ਦੇ ਸਿੱਖਾਂ ਵੱਲੋਂ ਪਹਿਲੀ ਵਾਰ ਦੀਵਾਲੀ ਛੇਵੀਂ ਪਾਤਸ਼ਾਹੀ ਸਮੇਂ ਪੂਰੇ ਉਤਸ਼ਾਹ ਨਾਲ ਮਨਾਈ ਗਈ ਸੀ। ਇਤਿਹਾਸ ਗਵਾਹ ਹੈ ਕਿ ਜਹਾਂਗੀਰ ਬਾਦਸ਼ਾਹ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ 1676 ਕੱਤਕ ਵਦੀ 14 ਨੂੰ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਤਾਂ ਹਰੀ ਰਾਮ ਦਰੋਗਾ ਉਨ੍ਹਾਂ ਨੂੰ ਸਤਿਕਾਰ ਸਹਿਤ ਆਪਣੇ ਘਰ ਲੈ ਗਿਆ। ਗੁਰੂ ਮਹਾਰਾਜ ਦੇ ਬੰਧਨ ਮੁਕਤ ਹੋਣ ਦੀ ਖੁਸ਼ੀ ਵਿਚ ਉਸ ਰਾਤ ਹਰੀ ਰਾਮ ਨੇ ਰਾਤ ਨੂੰ ਆਪਣੇ ਘਰ ਦੀਪਮਾਲਾ ਕੀਤੀ ਗਈ ਸੀ ਅਤੇ ਬਾਬਾ ਬੁੱਢਾ ਜੀ ਦੇ ਹੁਕਮਾਂ ਅਨੁਸਾਰ ਉਸ ਦਿਨ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਦੀਪਮਾਲਾ ਕਰਕੇ ਲੋਕਾਂ ਦੁਆਰਾ ਖੁਸ਼ੀ ਮਨਾਈ ਗਈ ਸੀ। ਇਹ ਦਿਨ ਦੀਵਾਲੀ ਦਾ ਸੀ।

ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚ ਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਸਨ। ਇਸ ਦਿਨ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਜਾਂਦਾ ਸੀ।

ਬ੍ਰਿਟਿਸ਼ ਸਮਰਾਜ ਦੌਰਾਨ ਵੀ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਦੀਵਾਲੀ ਵਾਲੇ ਦਿਨ ਦੀਪਮਾਲਾ ਕੀਤੀ ਜਾਂਦੀ ਅਤੇ ਘੋੜਿਆਂ ਦੀ ਮੰਡੀ ਲੱਗਾਈ ਜਾਂਦੀ ਸੀ ਉਸੇ ਤਰ੍ਹਾਂ ਦੀ ਬ੍ਰਿਟਿਸ਼ ਹਕੂਮਤ ਮੌਕੇ ਵੀ ਇਹ ਸਿਲਸਿਲਾ ਜਾਰੀ ਰਿਹਾ ਹੈ।

ਦੀਵਾਲੀ ਵਾਲੇ ਦਿਨ ਹਰ ਸਾਲ ਸ੍ਰੀ ਦਰਬਾਰ ਸਾਹਿਬ ਨੂੰ ਸਜਾਇਆ ਜਾਂਦਾ ਹੈ ਅਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।

ਦੀਪਮਾਲਾ ਦੀ ਰੌਸ਼ਨੀ ਅੱਖਾਂ ਧੁੰਦਲਾ ਦਿੰਦੀ ਹੈ। ਇਸ ਨਜ਼ਾਰੇ ਦੀ ਇਕ ਝਲਕ ਵੇਖਣ ਲਈ ਸੰਗਤਾਂ ਦੇਸ਼-ਵਿਦੇਸ਼ ਦੇ ਹਰ ਸ਼ਹਿਰ 'ਚੋਂ ਲੱਖਾਂ ਦੀ ਗਿਣਤੀ 'ਚ ਅੰਮ੍ਰਿਤਸਰ ਪੁੱਜਦੇ ਹਨ ਅਤੇ ਗੁਰੂ ਘਰ 'ਚੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ।

ਇਹ ਵੀ ਪੜ੍ਹੋ:ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਤੋਂ ਕੀਤਾ ਗ੍ਰਿਫ਼ਤਾਰ

-PTC News

Related Post