ਦਿੱਲੀ-ਹਜ਼ੂਰ ਸਾਹਿਬ ਉਡਾਣ ਸ਼ੁਰੂ ਕਰਵਾਉਣ ਲਈ ਸਿਰਸਾ ਨੇ ਹਰਸਿਮਰਤ ਕੌਰ ਬਾਦਲ ਦਾ ਕੀਤਾ ਧੰਨਵਾਦ

By  Shanker Badra October 20th 2018 07:27 PM -- Updated: October 20th 2018 07:31 PM

ਦਿੱਲੀ-ਹਜ਼ੂਰ ਸਾਹਿਬ ਉਡਾਣ ਸ਼ੁਰੂ ਕਰਵਾਉਣ ਲਈ ਸਿਰਸਾ ਨੇ ਹਰਸਿਮਰਤ ਕੌਰ ਬਾਦਲ ਦਾ ਕੀਤਾ ਧੰਨਵਾਦ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਸ਼ਰਧਾਲੂਆਂ ਵਾਸਤੇ ਦਿੱਲੀ-ਹਜ਼ੂਰ ਸਾਹਿਬ ਉਡਾਣ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਹੈ ਤੇ ਆਖਿਆ ਹੈ ਕਿ ਇਹ ਸੇਵਾ ਸ਼ੁਰੂ ਹੋਣ ਨਾਲ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦੀ ਲੋਕਾਂ ਦੀ ਇੱਛਾ ਪੂਰੀ ਕਰਨ ਵਿਚ ਵੱਡੀ ਮਦਦ ਮਿਲੇਗੀ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਇਸ ਪ੍ਰਾਜੈਕਟ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਅਤੇ ਆਖਿਰਕਾਰ ਇਹਨਾਂ ਯਤਨਾਂ ਨੂੰ ਬੂਰ ਪਿਆ ਤੇ ਇਹ ਸੇਵਾ ਸ਼ੁਰੂ ਹੋ ਸਕੀ ਹੈ।ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਦਿੱਲੀ-ਮੁੰਬਈ-ਹਜ਼ੂਰ ਸਾਹਿਬ ਉਡਾਣ ਅਤੇ ਹਜ਼ੂਰ ਸਾਹਿਬ ਤੇ ਜੰਮੂ ਨੂੰ ਜੋੜਦੀ ਐਕਸਪ੍ਰੈਸ ਰੇਲ ਸ਼ੁਰੂ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਸੀ। ਸਿਰਸਾ ਨੇ ਕਿਹਾ ਕਿ ਇਹ ਹਰ ਸਿੱਖ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਜੀਵਨ ਵਿਚ ਘੱਟ ਤੋਂ ਘੱਟ ਇਕ ਵਾਰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰੇ। ਉਹਨਾਂ ਕਿਹਾ ਕਿ ਲੋਕਾਂ ਨੂੰ ਤਖਤ ਸਾਹਿਬ ਦੀ ਉਤੱਰੀ ਰਾਜਾਂ ਵਿਸ਼ੇਸ਼ ਕਰ ਕੇ ਪੰਜਾਬ ਨਾਲ ਸੰਪਰਕ ਸਾਧਨਾਂ ਦੀ ਔਖਿਆਈ ਆ ਰਹੀ ਸੀ। ਉਹਨਾਂ ਕਿਹਾ ਕਿ ਹੁਣ ਇਹ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ ਦੀ ਇੱਛਾ ਪੂਰੀ ਹੋ ਸਕੇਗੀ।ਉਹਨਾਂ ਕਿਹਾ ਕਿ ਇਹ ਸਭ ਸ੍ਰੀਮਤੀ ਬਾਦਲ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ ਅਤੇ ਉਹ ਕੇਂਦਰ ਸਰਕਾਰ ਵਿਸ਼ੇਸ਼ ਤੌਰ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ, ਰਾਜ ਮੰਤਰੀ ਜਯੰਤ ਸਿਨਹਾ ਤੇ ਰੇਲ ਮੰਤਰੀ ਪਿਯੂਸ਼ ਗੋਇਲ ਦੇ ਵੀ ਧੰਨਵਾਦੀ ਹਨ ਜਿਹਨਾਂ ਨੇ ਲੋਕਾਂ ਲਈ, ਵਿਸ਼ੇਸ਼ ਤੌਰ 'ਤੇ ਪੰਜਾਬੀਆਂ ਲਈ ਇਹ ਅਹਿਮ ਸੇਵਾਵਾਂ ਸ਼ੁਰੂ ਕੀਤੀਆਂ। -PTCNews

Related Post