ਪਸ਼ੂ ਪਾਲਣ ਵਿਭਾਗ ਵੱਲੋਂ ਅਫ਼ਰੀਕਨ ਸਵਾਈਨ ਫੀਵਰ ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ

By  Jasmeet Singh August 20th 2022 05:43 PM

ਬਠਿੰਡਾ, 20 ਅਗਸਤ: ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਅਫ਼ਰੀਕਨ ਸਵਾਈਨ ਫੀਵਰ ਇੱਕ ਵਾਇਰਸ ਹੈ। ਡਿਪਟੀ-ਕਮ-ਜੁਆਇੰਟ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਡਾ. ਰਾਮਪਾਲ ਮਿੱਤਲ, ਸਟੇਟ ਨੋਡਲ ਅਫ਼ਸਰ-ਕਮ-ਸੰਯੁਕਤ ਨਿਰਦੇਸ਼ਕ ਡਾ. ਅਮਰੀਕ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਜਤਿੰਦਰਪਾਲ ਸਿੰਘ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਹ ਬਿਮਾਰੀ ਜੰਗਲੀ ਸੂਰਾਂ ਤੋਂ ਸਿੱਧੇ ਸੰਪਰਕ ਰਾਹੀਂ ਪਾਲਤੂ ਸੂਰਾਂ ਵਿੱਚ ਆਉਂਦੀ ਹੈ। ਅੱਗੇ ਇਹ ਬਿਮਾਰੀ ਬੀਮਾਰ ਸੂਰਾਂ ਰਾਹੀਂ ਦੂਸ਼ਿਤ ਖ਼ੁਰਾਕ, ਕੱਪੜੇ, ਬੂਟਾਂ, ਟਾਇਰਾਂ ਆਦਿ ਰਾਹੀਂ ਫ਼ੈਲਦੀ ਹੈ। ਜਾਰੀ ਐਡਵਾਈਜ਼ਰੀ ਅਨੁਸਾਰ ਇਸ ਬੀਮਾਰੀ ਦੇ ਲੱਛਣ ਜਿਵੇਂ ਕਿ ਬੁ਼ਖ਼ਾਰ, ਭੁੱਖ ਨਾ ਲੱਗਣੀ, ਔਖੇ ਸਾਹ, ਨੱਕ/ਅੱਖਾਂ ਵਿੱਚੋਂ ਪਾਣੀ ਵਗਣਾ, ਲੜਖੜਾਉਣਾ, ਖੂਨੀ ਮੋਕ, ਚਮੜੀ ਤੇ ਲਾਲ/ਨੀਲੇ-ਜਾਮਨੀ ਧੱਫੜ ਪੈਣੇ ਖਾਸ ਕਰਕੇ ਕੰਨਾਂ ਤੇ, ਮਲ ਦੁਆਰ ਤੇ ਨੱਕ ਵਿੱਚੋਂ ਖੂਨ ਵਗਣਾ, ਉਲਟੀਆਂ ਲੱਗਣਾ, ਸੁਸਤ ਹੋਣਾ ਆਦਿ ਹਨ। ਐਡਵਾਈਜ਼ਰੀ ਤਹਿਤ ਇਸ ਬੀਮਾਰੀ ਦਾ ਕੋਈ ਟੀਕਾ ਜਾਂ ਕਾਰਗਰ ਇਲਾਜ਼ ਨਹੀਂ ਹੈ ਅਤੇ ਬਚਾਓ ਹੀ ਇੱਕ ਕਾਰਗਰ ਤਰੀਕਾ ਹੈ। ਫ਼ਾਰਮ 'ਤੇ ਕੰਮ ਕਰਨ ਵਾਲੇ ਵਿਅਕਤੀ, ਉਨ੍ਹਾਂ ਦੇ ਬੂਟਾਂ, ਕੱਪੜਿਆਂ ਆਦਿ ਦੀ ਸਾਫ਼-ਸਫ਼ਾਈ ਵੱਲ ਉਚੇਚਾ ਧਿਆਨ ਦੇਣ। ਇਸੇ ਤਰ੍ਹਾਂ ਗੱਡੀ/ਮੋਟਰਸਾਈਕਲ ਦੇ ਟਾਇਰਾਂ ਨੂੰ ਫ਼ਾਰਮ ਦੇ ਅੰਦਰ ਆਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਰੋਗਾਣੂ ਮੁਕਤ ਕੀਤਾ ਜਾਵੇ, ਫ਼ਾਰਮ ਦੀ ਰਹਿੰਦ-ਖੂੰਹਦ ਕੂੜੇ ਦਾ ਸਹੀ ਨਿਪਟਾਰਾ ਕਰਨਾ ਅਤੇ ਇਸ ਨੂੰ ਖੁੱਲ੍ਹੇ ਵਿੱਚ ਨਹੀਂ ਸੁੱਟਣਾ ਚਾਹੀਦਾ ਅਤੇ ਇਸ ਤੋਂ ਇਲਾਵਾ ਚਿੱਚੜਾਂ ਦੀ ਸੁਚੱਜੀ ਰੋਕਥਾਮ ਕਰਨੀ ਜ਼ਰੂਰੀ ਹੈ। ਫ਼ਾਰਮ ਤੇ ਬਾਹਰੀ ਵਿਅਕਤੀਆਂ ਦੇ ਆਉਣ 'ਤੇ ਮੁਕੰਮਲ ਪਾਬੰਦੀ, ਫ਼ਾਰਮਾਂ ਵਿੱਚ ਸੂਰਾਂ ਅਤੇ ਔਜ਼ਾਰਾਂ ਦਾ ਅਦਾਨ-ਪ੍ਰਦਾਨ ਨਾ ਕਰਨਾ, ਮੌਜੂਦਾ ਹਾਲਾਤਾਂ ਵਿੱਚ ਨਵੇਂ ਸੂਰ ਨਾ ਖਰੀਦਣਾ ਜਾਂ ਨਵੇਂ ਖਰੀਦੇ ਜਾਨਵਰਾਂ ਨੂੰ 20 ਦਿਨ ਅਲੱਗ-ਥਲੱਗ ਰੱਖਣਾ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਪਸ਼ੂ ਹਸਪਤਾਲ ਨਾਲ ਸੰਪਰਕ ਕੀਤਾ ਜਾਵੇ। ਐਡਵਾਈਜ਼ਰੀ ਅਨੁਸਾਰ ਇਹ ਬਿਮਾਰੀ ਮਨੁੱਖਾਂ ਵਿੱਚ ਨਹੀਂ ਹੁੰਦੀ। ਇਹ ਵੀ ਪੜ੍ਹੋ: ਪੰਜਾਬ, ਦਿੱਲੀ 'ਚ 10 ਵਿੱਚੋਂ 9 ਬੱਚਿਆਂ 'ਚ ਸਿਹਤਮੰਦ ਜੀਵਨਸ਼ੈਲੀ ਦੀ ਘਾਟ: ਅਧਿਐਨ -PTC News

Related Post