ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੀ ਮੰਗ ਮੁੜ ਤੋਂ ਜ਼ੋਰਾਂ 'ਤੇ, ਭਗਵੰਤ ਮਾਨ ਨੂੰ ਸ਼ਰਧਾਲੂਆਂ ਦੀ ਅਪੀਲ

By  Jasmeet Singh June 12th 2022 02:20 PM

ਮਨਿੰਦਰ ਸਿੰਘ ਮੋਂਗਾ, (ਅੰਮ੍ਰਿਤਸਰ, 12 ਜੂਨ): ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਦੇਸ਼-ਵਿਦੇਸ਼ ਤੋਂ ਪਹੁੰਚਦੀ ਹੈ, ਇਸ ਦੌਰਾਨ ਜਦੋਂ ਸੰਗਤ ਸ੍ਰੀ ਦਰਬਾਰ ਸਾਹਿਬ ਆਉਂਦੀ ਹੈ ਤਾਂ ਰਸਤੇ ਵਿੱਚ ਕਈ ਤਰ੍ਹਾਂ ਦੇ ਮੀਟ, ਆਂਡੇ ਅਤੇ ਸ਼ਰਾਬ ਦੇ ਠੇਕੇ ਦੀਆਂ ਦੁਕਾਨਾਂ ਸ਼ਰ੍ਹੇਆਮ ਖੁੱਲ੍ਹੀਆਂ ਹਨ ਅਤੇ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਲਗਾਤਾਰ ਹੀ ਸਿੱਖ ਜੱਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ ਕਿ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਵਾ ਕੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।

ਇਹ ਵੀ ਪੜ੍ਹੋ: ਬੀਬੀ ਰਾਜੋਆਣਾ ਨੇ ਪੰਥ ਦੇ ਹਿਤੈਸ਼ੀ ਬਣੇ ਫਿਰਦੇ ਭੇਖੀਆਂ ਦੇ ਨਾਂਅ ਜਾਰੀ ਕੀਤਾ ਪੱਤਰ

ਜਿਸ ਦੇ ਚਲਦੇ ਇੱਕ ਵਾਰ ਫਿਰ ਸਮਾਜ ਸੁਧਾਰ ਸੰਸਥਾ ਪੰਜਾਬ ਵੱਲੋਂ ਅੰਮ੍ਰਿਤਸਰ ਵਿਰਾਸਤੀ ਮਾਰਗ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖਿਆ ਜਾਵੇਗਾ ਅਤੇ ਉਸ ਪੱਤਰ ਦੇ ਥੱਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਦੇ ਦਸਤਖਤ ਕਰਵਾਏ ਜਾਣਗੇ ਅਤੇ ਸ਼ਰਧਾਲੂਆਂ ਦੀ ਰਾਇ ਦਿੱਤੀ ਜਾਏਗੀ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸ਼ਰਾਬ ਦੇ ਠੇਕੇ ਅਤੇ ਪਾਨ ਬੀੜੀ ਦੀਆਂ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਹਨ ਜਾਂ ਨਹੀਂ।

ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਕਿਹਾ ਕਿ ਅੰਮ੍ਰਿਤਸਰ ਬੱਸ ਸਟੈਂਡ ਤੋਂ ਜਦੋਂ ਸ੍ਰੀ ਦਰਬਾਰ ਸਾਹਿਬ ਨੂੰ ਸੰਗਤ ਆਉਂਦੀ ਹੈ ਤਾਂ ਰਸਤੇ ਵਿਚ ਸ਼ਰਾਬ ਦੇ ਠੇਕੇ ਦੇਖਣ ਨੂੰ ਮਿਲਦੇ ਹਨ ਜਿਸ ਨਾਲ ਕਿ ਸੰਗਤ ਦੇ ਹਿਰਦਿਆਂ ਨੂੰ ਕਾਫ਼ੀ ਠੇਸ ਪਹੁੰਚਦੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣ ਅਤੇ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਰਸਤਿਆਂ ਦੇ ਮੇਨ ਚੌਕਾਂ ਵਿੱਚ ਗੋਲਡਨ ਗੇਟ ਬਣਾਏ ਜਾਣ ਅਤੇ ਹਰੀਦੁਆਰ ਵਾਂਗ ਅੰਮ੍ਰਿਤਸਰ ਸ਼ਹਿਰ ਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ।

ਇਹ ਵੀ ਪੜ੍ਹੋ: ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਲੇਕਿਨ ਅੱਜ ਤੱਕ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਮਿਲ ਪਾਇਆ। ਹੁਣ ਇੱਕ ਵਾਰ ਫੇਰ ਸਮਾਜ ਸੁਧਾਰ ਸੰਸਥਾ ਪੰਜਾਬ ਵੱਲੋਂ ਇਹ ਮੁਹਿੰਮ ਦੀ ਨਵੇਂ ਤਰੀਕੇ ਨਾਲ ਦਸਤਖ਼ਤ ਮੁਹਿੰਮ ਕਰਕੇ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਧਰਤ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਦਾ ਹੈ।

-PTC News

Related Post