ਧਿਆਨ ਚੰਦ ਪੁਰਸਕਾਰ ਜੇਤੂ ਹਾਕਮ ਸਿੰਘ ਦਾ ਸੰਗਰੂਰ ਦੇ ਹਸਪਤਾਲ ‘ਚ ਹੋਇਆ ਦਿਹਾਂਤ, ਮਾਲੀ ਮਦਦ ‘ਚ ਪ੍ਰਸ਼ਾਸਨ ਦੀ ਅਣਗਹਿਲੀ ਦਾ ਮਾਮਲਾ PTC News ਨੇ ਕੀਤਾ ਸੀ ਉਜਾਗਰ

By  Joshi August 14th 2018 11:14 AM -- Updated: August 14th 2018 11:23 AM

ਧਿਆਨ ਚੰਦ ਪੁਰਸਕਾਰ ਜੇਤੂ ਹਾਕਮ ਸਿੰਘ ਦਾ ਸੰਗਰੂਰ ਦੇ ਹਸਪਤਾਲ ‘ਚ ਹੋਇਆ ਦਿਹਾਂਤ, ਮਾਲੀ ਮਦਦ ‘ਚ ਪ੍ਰਸ਼ਾਸਨ ਦੀ ਅਣਗਹਿਲੀ ਦਾ ਮਾਮਲਾ PTC News ਨੇ ਕੀਤਾ ਸੀ ਉਜਾਗਰ

ਧਿਆਨ ਚੰਦ ਵਿਜੇਤਾ ਹਾਕਮ ਸਿੰਘ ਦਾ ਸੰਗਰੂਰ ਦੇ ਸੀਬੀਆ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਉਹ ਲੀਵਰ ਦੀ ਗੰਭੀਰ ਬਿਮਾਰੀ ਤੋਂ ਗ੍ਰਸਤ ਸਨ ਅਤੇ ਲੰਮੇ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਸਿੰਘ ਦੀਆਂ ਅੰਤਮ ਰਸਮਾਂ ਉਹਨਾਂ ਦੇ ਜੱਦੀ ਪਿੰਡ ਭੱਠਾ ਬਰਨਾਲਾ 'ਚ ਅੱਜ 3 ਵਜੇ ਨਿਭਾਈਆਂ ਜਾਣਗੀਆਂ।

ਦੱਸ ਦੇਈਏ ਕਿ ਸੂਬੇ ਦੀ ਸਰਕਾਰ ਵੱਲੋਂ ਸਾਬਕਾ ਖਿਡਾਰੀਆਂ ਪ੍ਰਤੀ ਵਰਤੀ ਜਾ ਰਹੀ ਲਾਪਾਰਵਾਹੀ ਉਸ ਸਮੇਂ ਸੁਰਖੀਆਂ 'ਚ ਆਈ  ਸੀ, ਜਦੋਂ ਪੀਟੀਸੀ ਵੱਲੋਂ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਜੇਤੂ ਐਥਲੀਟ ਅਤੇ ਧਿਆਨ ਚੰਦ ਪੁਰਸਕਾਰ ਜੇਤੂ ਹਾਕਮ ਸਿੰਘ ਨੂੰ ਉਹਨਾਂ ਦੀ ਬੀਮਾਰੀ ਦੀ ਹਾਲਤ ਚ ਵੀ ਕੋਈ ਮਦਦ ਜਾਰੀ ਨਾ ਕਰਨ ਦਾ ਮੁੱਦਾ ਚੁੱਕਿਆ ਗਿਆ ਸੀ।

ਹਾਕਮ ਸਿੰਘ ਨੂੰ ਕਿਡਨੀ ਅਤੇ ਜਿਗਰ ਬਿਮਾਰੀਆਂ ਲਈ ਸੰਗਰੂਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਪਤਨੀ ਨੇ ਗੁਹਾਰ ਲਗਾਉਂਦਿਆਂ ਕਿਹਾ ਸੀ ਕਿ, 'ਅਸੀਂ ਗਰੀਬ ਲੋਕ ਹਾਂ, ਸਰਕਾਰ ਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਦੇਸ਼ ਲਈ ਨਾਮਣਾ ਖੱਟਦੇ ਹਨ। ਸਰਕਾਰ ਅਥਲੀਟਾਂ ਦੀ ਕਦਰ ਨਹੀਂ ਕਰਦੀ।"

ਏ.ਐਨ.ਆਈ ਨੇ ਇਸ ਸੰਬੰਧੀ ਇੱਕ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਕੇਂਦਰੀ ਮੰਦਰੀ ਬਾਦਲ ਅਤੇ ਸਮਰਥਕਾਂ ਨੂੰ ਸੰਬੋਧਤ ਕਰਦੇ ਲਿਖਿਆ ਸੀ ਕਿ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਪੰਜਾਬੀਆਂ ਨਾਲ ਵਿਚਰਨ ਅਤੇ ਉਹਨਾਂ ਦੀ ਮੁਸੀਬਤਾਂ ਸੁਣਨ, ਹੱਲ ਕਰਨ ਲਈ ਸਮਾਂ ਨਹੀਂ ਹੈ, ਇਸ ਲਈ ਦੇਖੋ ਜੇ ਤੁਸੀਂ ਇਸ ਮਸਲੇ 'ਤੇ ਕੋਈ ਮਦਦ ਕਰ ਸਕਦੇ ਹੋ ਤਾਂ।

ਜ਼ਿਕਰਯੋਗ ਹੈ ਕਿ ਪੀਟੀਸੀ ਨਿਊਜ਼ ਵੱਲੋਂ ਵੀ ਇਹ ਖਬਰ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਹਾਕਮ ਸਿੰਘ ਨੂੰ ੨੦੦੦੦ ਦਾ ਚੈੱਕ ਦਿੱਤਾ ਸੀ ਅਤੇ ਦਵਾਈਆਂ ਦਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਰੈਡ ਕਰਾਸ ਨੇ ਲਈ ਸੀ। ਇਸ ਤੋਂ ਇਲਾਵਾ ਸਪੋਰਟਸ ਅਥਾਰਟੀ ਆਫ ਇੰਡੀਆ ਮਸਤੁਆਨਾ ਸਾਹਿਬ ਵੱਲੋਂ ਵੀ ੧੧੦੦੦ ਰੁਪਏ ਦੀ ਵਿੱਤੀ ਸਹਾਇਤਾ ਹਾਕਮ ਸਿੰਘ ਦੇ ਪਰਿਵਾਰ ਨੂੰ ਜਾਰੀ ਕੀਤੀ ਗਈ ਸੀ।

—PTC News

Related Post