ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੀਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਪੜਚੋਲ - ਅਕਾਲੀ ਦਲ

By  Jasmeet Singh August 19th 2022 07:32 PM -- Updated: August 19th 2022 07:43 PM

ਚੰਡੀਗੜ੍ਹ 19 ਅਗਸਤ: ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂੁਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕਮੇਟੀ ਦੇ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ, ਮਨਤਾਰ ਸਿੰਘ ਬਰਾੜ ਅਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਸ਼ਾਮਲ ਹੋਏ। ਮੀਟਿੰਗ ਵਿੱਚ ਪਾਰਟੀ ਅੰਦਰ ਅਨੁਸ਼ਾਸ਼ਨ ਨੂੰ ਕਾਇਮ ਰੱਖਣ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਅਨੁਸ਼ਾਸ਼ਨੀ ਕਮੇਟੀ ਵੱਲੋਂ ਕਿਸੇ ਵੀ ਤਰਾਂ ਦੀ ਪਾਰਟੀ ਵਿਰੋਧੀ ਗਤੀਵਿਧੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਇਸ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਸਿਕੰਦਰ ਸਿੰਘ ਮਲੂੁਕਾ ਨੇ ਕਿਹਾ ਕਿ ਕੋਈ ਵੀ ਸੰਸਥਾ ਅਨੁਸ਼ਾਸ਼ਨ ਤੋਂ ਬਗੈਰ ਅੱਗੇ ਨਹੀ ਵਧ ਸਕਦੀ ਅਤੇ ਜਿਹੜਾ ਵੀ ਵਿਅਕਤੀ ਪਾਰਟੀ ਤੋਂ ਬਾਹਰ ਜਾ ਕੇ ਪਾਰਟੀ ਦੇ ਖਿਲਾਫ ਕੋਈ ਵੀ ਗੱਲ ਕਰਦਾ ਹੈ ਉਸਦਾ ਮਕਸਦ ਪਾਰਟੀ ਦੀ ਸ਼ਕਤੀ ਨੂੰ ਕਮਜੋਰ ਕਰਨਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਅੱਜ ਪਿਛਲੇ ਸਮੇ ਵਿੱਚ ਪ੍ਰਾਪਤ ਹੋਈਆਂ ਪਾਰਟੀ ਅਨੁਸ਼ਾਸ਼ਨਹੀਣਤਾ ਦੀਆਂ ਕੁਝ ਸ਼ਿਕਾਇਤਾਂ ਦੇ ਸਬੰਧੀ ਘੋਖ ਪੜਤਾਲ ਕੀਤੀ ਹੈ ਅਤੇ ਇਹ ਕੰਮ ਅਗਲੀਆਂ ਮੀਟਿੰਗਾਂ ਵਿੱਚ ਵੀ ਜਾਰੀ ਰਹੇਗਾ। ਅਗਰ ਅਨੁਸ਼ਾਸ਼ਨੀ ਕਮੇਟੀ ਨੂੰ ਲੱਗਿਆ ਕਿ ਕਿਸੇ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਦੀ ਜ਼ਰੂਰਤ ਹੈ ਤਾਂ ਮਰਿਆਦਾ ਮੁਤਾਬਿਕ ਉਸ ਨੂੰ ਨੋਟਿਸ ਜਾਰੀ ਕਰਕੇ ਉਸਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਅਗਰ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਾਰਟੀ ਦੀ ਜ਼ਿਲ੍ਹਾ ਅਤੇ ਸਰਕਲ ਇਕਾਈਆਂ ਨੂੰ ਵੀ ਅਪੀਲ ਕੀਤੀ ਕਿ ਅਗਰ ਉਹਨਾਂ ਦੇ ਧਿਆਨ ਵਿੱਚ ਕੋਈ ਪਾਰਟੀ ਵਿਰੋਧੀ ਗਤੀਵਿਧੀ ਆਉਂਦੀ ਹੈ ਤਾਂ ਇਸ ਨੂੰ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਨੂੰ ਸਬੂਤਾਂ ਸਹਿਤ ਭੇਜਣ ਦੀ ਕ੍ਰਿਪਾਲਤਾ ਕੀਤੀ ਜਾਵੇ ਤਾਂ ਜੋ ਪਾਰਟੀ ਵਿਰੋਧੀ ਕੰਮ ਕਰਨ ਵਾਲੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। -PTC News

Related Post