ਲੁਧਿਆਣਾ 'ਚ ਫਿੱਕੇ ਪੈਣਗੇ ਦੀਵਾਲੀ ਦੇ ਜਸ਼ਨ, ਪਟਾਕੇ ਫੂਕਣ ਲਈ ਮਿਲੇ ਮਹਿਜ਼ 2 ਘੰਟੇ

By  Jasmeet Singh October 22nd 2022 07:44 PM

ਲੁਧਿਆਣਾ, 22 ਅਕਤੂਬਰ: ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਕਮਿਸ਼ਨਰੇਟ ਵੱਲੋਂ ਦੀਵਾਲੀ ਦੀ ਰਾਤ ਨੂੰ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਸ ਵਾਰ ਲੁਧਿਆਣਾ ਵਾਸੀ ਮਹਿਜ਼ ਦੋ ਘੰਟੇ ਤੈਅ ਕੀਤੀ ਗਈ ਸਮੇਂ ਸੀਮਾ ਮਿਆਦ 'ਚ ਹੀ ਪਟਾਕੇ ਚਲਾ ਸਕਣਗੇ। ਜਾਨੀ ਕਿ ਦੀਵਾਲੀ ਪੂਜਾ ਦੇ ਠੀਕ ਬਾਅਦ ਪਟਾਕਿਆਂ ਦਾ ਸ਼ੁਭ ਸਮਾਂ ਵੀ ਸ਼ੁਰੂ ਹੋ ਜਾਵੇਗਾ। ਲੋਕਾਂ ਕੋਲ ਰਾਤ ਅੱਠ ਵਜੇ ਤੋਂ ਲੈ ਕੇ ਦੱਸ ਵਜੇ ਤੱਕ ਦੀ ਮਿਆਦ ਵਿਚ ਹੀ ਪਟਾਕੇ ਚਲਾਉਣ ਦਾ ਸਮਾਂ ਹੋਵੇਗਾ ਅਤੇ ਜੇਕਰ ਨਿਰਧਾਰਤ ਸਮੇਂ ਤੋਂ ਬਾਅਦ ਪਟਾਕੇ ਫੂਕਦੇ ਫੜੇ ਗਏ ਤਾਂ ਦੋਸ਼ੀ ਖ਼ਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਹੋ ਸਕਦਾ ਹੈ। ਦੋਸ਼ੀ ਨੂੰ ਛੇ ਮਹੀਨੇ ਤੋਂ ਦੋ ਸਾਲ ਤੱਕ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ। ਪੁਲਿਸ ਕਮਿਸ਼ਨਰੇਟ ਦੀ ਲਾਇਸੰਸਿੰਗ ਸ਼ਾਖਾ ਦੀ ਤਰਫ਼ੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਸਿਰਫ਼ ਦੀਵਾਲੀ 'ਤੇ ਹੀ ਨਹੀਂ ਬਲਕਿ ਗੁਰਪੁਰਬ, ਕ੍ਰਿਸਮਿਸ ਦਿਵਸ ਅਤੇ ਨਵੇਂ ਸਾਲ 'ਤੇ ਵੀ ਲਾਗੂ ਹੋਣਗੇ। ਇੰਨਾ ਹੀ ਨਹੀਂ ਹਾਨੀਕਾਰਕ ਕੈਮੀਕਲ ਵਾਲੇ ਪਟਾਕੇ ਚਲਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੀਵਾਲੀ 'ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪਟਾਕਿਆਂ 'ਤੇ ਵੀ ਪਾਬੰਦੀ ਹੈ। ਇੰਨਾ ਹੀ ਨਹੀਂ ਪ੍ਰਸ਼ਾਸਨ ਨੇ ਆਨਲਾਈਨ ਪਟਾਕੇ ਖਰੀਦਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ 25 ਦਸੰਬਰ ਨੂੰ ਕ੍ਰਿਸਮਿਸ ਵਾਲੇ ਦਿਨ ਅਤੇ ਨਵੇਂ ਸਾਲ ਦੇ ਦਿਨ ਰਾਤ 11:55 ਤੋਂ 12.30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਇਹ ਵੀ ਪੜ੍ਹੋ: Diwali 2022: ਪ੍ਰਦੂਸ਼ਣ ਦੇ ਮੱਦੇਨਜ਼ਰ ਕਈ ਸੂਬਿਆਂ 'ਚ ਪਟਾਕੇ ਬੈਨ, ਜਾਣੋ ਆਪਣੇ ਸੂਬੇ ਦਾ ਹਾਲ -PTC News

Related Post