ਸੁਖਪਾਲ ਖਹਿਰਾ ਆਪਣੇ ਮਾੜੇ ਕੰਮਾਂ ਨੂੰ ਲੁਕੋਣ ਦੀ ਕੋਸ਼ਿਸ਼ ਨਾ ਕਰੇ: ਅਕਾਲੀ ਦਲ

By  Joshi November 20th 2017 09:00 AM -- Updated: November 20th 2017 01:40 PM

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਕਿਹਾ ਹੈ ਕਿ ਉਹ ਲੋਕਾਂ ਦਾ ਧਿਆਨ ਹਟਾਉਣ ਵਾਲੇ ਬਿਆਨ ਦੇ ਕੇ ਆਪਣੇ ਮਾੜੇ ਕੰਮਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੇ, ਜਿਹਨਾਂ ਕਰਕੇ ਇੱਕ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਐਲਾਨਿਆ ਜਾ ਚੁੱਕਿਆ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘਚੀਮਾ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਨਸ਼ਾ ਅਤੇ ਹਥਿਆਰਾਂ ਦੀ ਕੌਮਾਂਤਰੀ ਤਸਕਰੀ ਦੇ ਮਾਮਲੇ ਵਿਚ ਆਪਣੀ ਭੂਮਿਕਾ ਸਵੀਕਾਰ ਕਰਨ ਦੀ ਥਾਂ ਸੁਖਪਾਲ ਖਹਿਰਾ ਲੋਕਾਂ ਦਾ ਧਿਆਨ ਹਟਾਉਣ ਲਈ ਨਿਰਦੋਸ਼ ਹੋਣ ਦਾ ਡਰਾਮਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਖੁਦ ਨੂੰ 'ਬਹਿਸ ਦਾ ਚੈਂਪੀਅਨ'ਕਹਾਉਣ ਲਈ ਕੀਤੇ ਡਰਾਮੇ ਤੁਹਾਡੇ ਮਾੜੇ ਕੰਮਾਂ ਉੱਤੇ ਮਿੱਟੀ ਨਹੀਂ ਪਾਉਣਗੇ।

ਪੰਜਾਬੀ ਤੁਹਾਡੇ ਢੀਠਪੁਣੇ ਉੱਤੇ ਹੈਰਾਨ ਹਨ ਕਿ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਦੋਸ਼ੀ ਐਲਾਨੇ ਜਾਣ ਦੇ ਬਾਵਜੂਦ ਵੀ ਤੁਸੀਂ ਕੁਰਸੀ ਨੂੰ ਚਿੰਬੜ ਕੇ ਇਸ ਦੀ ਸ਼ੋਭਾ ਘਟਾ ਰਹੇ ਹੋ। ਤੁਹਾਡੀ ਆਪਣੇ ਖਿਲਾਫ ਲੱਗੇ ਦੋਸ਼ ਨੂੰ ਹਟਾਉਣ ਦੀ ਕੋਸ਼ਿਸ਼ ਨੂੰ ਮਾਣਯੋਗ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਇਸ ਨਸ਼ਾ ਤਸਕਰੀ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਤੁਹਾਡੇ ਵੱਲੋਂ ਕੀਤੀ ਤਾਜ਼ਾ ਕੋਸ਼ਿਸ਼ ਵੀ ਸਿਵਾਇ ਕੋਝੀ ਸਿਆਸਤ ਦੇ ਹੋਰ ਕੁੱਝ ਨਹੀਂ।

ਸੁਖਪਾਲ ਖਹਿਰਾ ਆਪਣੇ ਮਾੜੇ ਕੰਮਾਂ ਨੂੰ ਲੁਕੋਣ ਦੀ ਕੋਸ਼ਿਸ਼ ਨਾ ਕਰੇ: ਅਕਾਲੀ ਦਲਇਸੇ ਦੌਰਾਨ ਡਾਕਟਰ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ ਅਤੇ ਵਿਰੋਧੀ ਧਿਰ ਦੇ ਅਹੁਦੇ ਦੀ ਸ਼ਾਨ ਨੂੰ ਲਾਏ ਦਾਗ ਵਾਲੇ ਮੁੱਦੇ ਉੱਤੇ ਅਕਾਲੀ ਦਲ ਵਿਧਾਨ ਸਭਾ ਵਿਚ ਲੰਬੀ ਬਹਿਸ ਲਈ ਤਿਆਰ ਹੈ ਅਤੇ ਇਸ ਨੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਵੀ ਇਸ ਬਾਰੇ ਮੁਕੰਮਲ ਬਹਿਸ ਕਰਵਾਉਣ ਲਈ ਆਖਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਜਰੂਰੀ ਹੈ, ਕਿਉਂਕਿ ਆਪ ਇੱਕ ਅਜਿਹੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਜਿਹੜੀ ਰਾਜਨੀਤੀ ਅੰਦਰ ਨੈਤਿਕਤਾ ਅਤੇ ਸਦਾਚਾਰ ਦੀ ਹਾਮੀ ਭਰਦੀ ਹੈ। ਉਹਨਾਂ ਕਿਹਾ ਕਿ ਅਜਿਹੀ ਬਹਿਸ ਆਪ ਦੇ ਵਿਧਾਇਕ ਦਲ ਨੂੰ ਵੀ ਪੰਜਾਬੀਆਂ ਨੂੰ ਇਹ ਦੱਸਣ ਦਾ ਖੁੱਲ•ਾ ਮੌਕਾ ਦੇ ਦੇਵੇਗੀ ਕਿ ਉਹ ਇੱਕ ਨਸ਼ਾ ਤਸਕਰੀ ਦੇ ਦੋਸ਼ੀ ਦੇ ਨਾਲ ਖੜ•ੇ ਹਨ ਜਾਂ ਫਿਰ ਜਨਤਕ ਜੀਵਨ ਵਿਚ ਇਮਾਨਦਾਰੀ ਦੇ ਹਮਾਇਤੀ ਹਨ।

ਅਕਾਲੀ ਆਗੂ ਨੇ ਸਪੀਕਰ ਨੂੰ ਇਹ ਵੀ ਕਿਹਾ ਕਿ ਉਹ ਜਾਂਚ ਕਰਨ ਕਿ ਕੀ ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਅੰਦਰ ਆਉਣ ਦੀ ਆਗਿਆ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਦਨ ਦੇ ਸਨਮਾਨ ਨੂੰ ਠੇਸ ਵੱਜਣ ਦੀ ਸੰਭਾਵਨਾ ਹੈ ਅਤੇ ਸਦਨ ਨੂੰ ਅਣਕਿਆਸੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਜੇ ਵੀ ਖਹਿਰੇ ਦੀ ਮੁੱਢਲੀ ਪਾਰਟੀ ਮੈਂਬਰਸ਼ਿਪ ਖਾਰਿਜ ਕਰਕੇ ਅਤੇ ਨਵਾਂ ਵਿਧਾਨ ਸਭਾ ਆਗੂ ਨਿਯੁਕਤ ਕਰਕੇ ਆਪਣੀ ਪਾਰਟੀ ਨੂੰ ਨਮੋਸ਼ੀ ਤੋਂ ਬਚਾ ਸਕਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਬਹਿਸ ਲਈ ਵੱਖਰਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣਾ ਹਰ ਵਾਅਦਾ ਪੂਰਾ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ, ਇਹ ਚਾਹੇ ਕਿਸਾਨਾਂ ਲਈ ਕਰਜ਼ਾ ਮੁਆਫੀ ਹੋਵੇ , ਘਰ ਘਰ ਨੌਕਰੀ ਹੋਵੇ ਜਾਂ ਫਿਰ ਨੌਜਵਾਨਾਂ ਲਈ ਬੇਰੁਜ਼ਗਾਰੀ ਭੱਤਾ ਹੋਵੇ। ਉਹਨਾਂ ਕਿਹਾ ਕਿ ਇਹਨਾਂ ਸਾਰੇ ਮੁੱਦਿਆਂ ਉੱਤੇ ਵਿਸਥਾਰ ਵਿਚ ਚਰਚਾ ਕੀਤੇ ਜਾਣ ਦੀ ਲੋੜ ਹੈ।

—PTC News

Related Post