ਕਾਲਕਾ ਤੋਂ ਚੰਡੀਗੜ੍ਹ ਆ ਰਹੀ ਰੇਲ ਗੱਡੀ ਦਾ ਇੰਜਣ ਹੋਇਆ ਹਾਦਸਾਗ੍ਰਸਤ, ਡਰਾਈਵਰ ਸਮੇਤ ਤਿੰਨ ਜ਼ਖ਼ਮੀ

By  Riya Bawa October 26th 2021 11:52 AM

ਕਾਲਕਾ: ਕਾਲਕਾ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ ਸਾਈਡ ਲਈ ਰਵਾਨਾ ਹੋਈ ਰੇਲਗੱਡੀ ਦਾ ਇੰਜਣ ਬੁੱਧਵਾਰ ਸ਼ਾਮ ਕਰੀਬ 5.45 ਵਜੇ ਚੰਡੀ ਮੰਦਰ ਨੇੜੇ ਪਟੜੀ ਤੋਂ ਉਤਰ ਗਿਆ। ਇਸ ਹਾਦਸੇ ਵਿੱਚ ਇੰਜਣ ਦੇ ਪਾਇਲਟ ਸਮੇਤ ਤਿੰਨ ਰੇਲਵੇ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਦਸੇ 'ਚ ਟਰੇਨ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਤਿੰਨਾਂ ਨੂੰ ਫਿਲਹਾਲ ਪੰਚਕੂਲਾ ਦੇ ਸੈਕਟਰ-6 ਸਥਿਤ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਕਾਲਕਾ ਰੇਲਵੇ ਸਟੇਸ਼ਨ ਤੋਂ ਇੱਕ ਇੰਜਣ ਚੰਡੀਗੜ੍ਹ ਵਾਲੇ ਪਾਸੇ ਲਈ ਰਵਾਨਾ ਹੋਇਆ ਸੀ। ਇੰਜਣ ਵਿੱਚ ਪਾਇਲਟ ਦੇ ਨਾਲ ਸਹਾਇਕ ਪਾਇਲਟ ਅਤੇ ਗਾਰਡ ਵੀ ਮੌਜੂਦ ਸਨ ਪਰ ਚੰਡੀ ਮੰਦਰ ਨੇੜੇ ਇੰਜਣ ਅੱਧ ਵਿਚਕਾਰ ਪਟੜੀ ਤੋਂ ਉਤਰ ਗਿਆ ਅਤੇ ਇੰਜਣ ਦੇ ਪਹੀਏ ਜ਼ਮੀਨ ਵਿੱਚ ਧਸ ਗਏ, ਜਿਸ ਨਾਲ ਕਈ ਦੂਰੀ ਤੱਕ ਟ੍ਰੈਕ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਕਾਲਕਾ ਤੋਂ ਅੰਬਾਲਾ ਤੱਕ ਰੇਲਵੇ ਵਿਭਾਗ ਵਿੱਚ ਹੜਕੰਪ ਮੱਚ ਗਿਆ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਕਈ ਟੀਮਾਂ ਇੱਕ ਤੋਂ ਬਾਅਦ ਇੱਕ ਮੌਕੇ ’ਤੇ ਪਹੁੰਚ ਗਈਆਂ।

ਦੇਰ ਰਾਤ ਤੱਕ ਵਿਭਾਗ ਦੀਆਂ ਟੀਮਾਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ। ਇਸ ਦੇ ਨਾਲ ਹੀ ਇੰਜਣ 'ਚ ਸਵਾਰ ਤਿੰਨੋਂ ਜ਼ਖਮੀਆਂ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਰੈੱਡ ਸਿਗਨਲ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ ਅਤੇ ਤਕਨੀਕੀ ਨੁਕਸ ਵੀ ਪ੍ਰਗਟਾਇਆ ਜਾ ਰਿਹਾ ਹੈ ਪਰ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

-PTC News

Related Post