ਬਜ਼ੁਰਗ ਨਾਲ ਵਿਆਹ ਤੋਂ ਕੀਤਾ ਇਨਕਾਰ ਤਾਂ ਮਾਰੀਆਂ ਜੁੱਤੀਆਂ, ਕੱਟੇ ਵਾਲ

By  Jasmeet Singh August 19th 2022 02:43 PM -- Updated: August 19th 2022 02:45 PM

ਫ਼ੈਸਲਾਬਾਦ, 19 ਅਗਸਤ: ਪਾਕਿਸਤਾਨ ਦੇ ਫ਼ੈਸਲਾਬਾਦ ਤੋਂ ਇੱਕ ਭਿਆਨਕ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇੱਕ ਕੁੜੀ ਨੂੰ ਬਜ਼ੁਰਗ ਨਾਲ ਵਿਆਹ ਤੋਂ ਇਨਕਾਰ ਕਰਨ ਲਈ ਤਸੀਹੇ ਦਿੱਤੇ ਗਏ, ਅਪਮਾਨਿਤ ਕੀਤਾ ਗਿਆ ਅਤੇ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ। ਇਸ ਵਤੀਰੇ ਦਾ ਦੋਸ਼ੀ ਹੋਰ ਕੋਈ ਨਹੀਂ ਸਗੋਂ ਕੁੜੀ ਦਾ ਮਿੱਤਰ ਨਿਕਲਿਆ ਕਿਉਂਕਿ ਜਿਸ ਸ਼ਖ਼ਸ ਨਾਲ ਕੁੜੀ ਨੇ ਵਿਆਹ ਕਰਾਉਣ ਤੋਂ ਜਵਾਬ ਦਿੱਤਾ ਉਹ ਦੋਸਤ ਦਾ ਹੀ ਪਿਤਾ ਸੀ।

ਇਹ ਘਟਨਾ ਬੀਤੀ 9 ਅਗਸਤ ਦੀ ਹੈ, ਇਸ ਬਦਸਲੂਕੀ ਦਾ ਵੀਡੀਓ ਬੁੱਧਵਾਰ ਸਵੇਰੇ ਸਾਹਮਣੇ ਆਇਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਜਾ ਰਿਹਾ। ਵੀਡੀਓ 'ਚ ਲੜਕੀ ਨੂੰ ਤਸ਼ੱਦਦ ਦਿੰਦੇ ਦੇਖਿਆ ਜਾ ਸਕਦਾ ਹੈ ਜਦਕਿ ਬੈਕਗ੍ਰਾਊਂਡ 'ਚ ਇਕ ਔਰਤ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਜੋ ਉਸਨੂੰ ਜੁੱਤੀਆਂ ਚੱਟਣ ਨੂੰ ਮਜਬੂਰ ਕਰ ਰਹੀ ਹੈ। ਦੋਸ਼ੀਆਂ ਨੇ ਪੀੜਤਾ ਨੂੰ ਜੁੱਤੀਆਂ ਮਾਰੀਆਂ, ਉਸ ਦੇ ਵਾਲ ਕੱਟੇ ਅਤੇ ਉਸਦੇ ਭਰਵੱਟੇ ਵੀ ਮੁੰਨ ਦਿੱਤੇ।

ਸਥਾਨਿਕ ਨਿਊਜ਼ ਚੈਨਲ ਮੁਤਾਬਕ ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੇ ਦੋਸਤ ਦਾ ਪਿਤਾ ਜੋ ਕਿ ਫੈਕਟਰੀ ਮਾਲਕ ਸੀ, ਉਸ ਨੂੰ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕਰ ਰਿਹਾ ਸੀ। ਕੁੜੀ ਨੇ ਕਿਹਾ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨਾਲ ਬਦਸਲੂਕੀ ਕੀਤੀ ਗਈ, ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਇਸ ਵਤੀਰੇ ਦੀ ਫਿਲਮ ਵੀ ਬਣਾਈ ਗਈ।

ਮਾਮਲੇ ਦਾ ਨੋਟਿਸ ਲੈਂਦਿਆਂ ਸਥਾਨਿਕ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਮੁੱਖ ਸ਼ੱਕੀਆਂ ਸਣੇ ਪਰਿਵਾਰ ਦੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਸ਼ੱਕੀਆਂ ਨੂੰ ਅਦਾਲਤ ਵਿਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸਤੋਂ ਪਹਿਲਾਂ ਪੁਲਿਸ ਨੇ ਆਪਣੇ ਬਿਆਨਾਂ ਵਿਚ ਕਥਿਤ ਤੌਰ 'ਤੇ ਜਾਣਕਾਰੀ ਦਿੱਤੀ ਸੀ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਵਿਚ ਮੁੱਖ ਸ਼ੱਕੀ ਦੀ ਪਤਨੀ ਵੀ ਸ਼ਾਮਲ ਹੈ, ਜੋ ਕਥਿਤ ਤੌਰ 'ਤੇ ਵੀਡੀਓ ਵਿਚ ਜੁੱਤੀਆਂ ਚੱਟਣ ਨੂੰ ਆਖ ਰਹੀ ਹੈ।

ਬਾਅਦ ਵਿੱਚ ਮੁੱਖ ਸ਼ੱਕੀ ਦੇ ਘਰੋਂ ਸ਼ਰਾਬ ਅਤੇ ਹਥਿਆਰ ਮਿਲਣ ਮਗਰੋਂ ਉਸ ਖਿਲਾਫ ਫ਼ੈਸਲਾਬਾਦ ਦੇ ਖੁਰੀਆਂਵਾਲਾ 'ਚ ਇੱਕ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ।

-PTC News

Related Post