ਫਾਜ਼ਿਲਕਾ 'ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਰਚ ਮਹੀਨੇ ਹੋਇਆ ਸੀ ਵਿਆਹ
Punjab News: ਜਲਾਲਾਬਾਦ ਹਲਕੇ 'ਚ ਲਗਾਤਾਰ ਚਿੱਟੇ ਦੀ ਗ੍ਰਿਫ਼ਤ ਚ ਆਏ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ। ਇਕ ਵਾਰ ਫਿਰ ਹਲਕੇ ਦੇ ਪਿੰਡ ਅਲਿਆਣਾ ਦੇ 21 ਸਾਲਾ ਬਲਵਿੰਦਰ ਸਿੰਘ ਨੇ ਇਸ ਜ਼ਹਿਰ ਦੇ ਸੇਵਨ ਨਾਲ ਆਪਣੀ ਜਾਨ ਗਵਾ ਲਈ ਹੈ।
ਜਿਸ ਘਰ ਦਾ ਜਵਾਨ ਪੁੱਤਰ ਪਰਿਵਾਰ ਤੇ ਜਵਾਨ ਵਿਧਵਾ ਪਤਨੀ ਨੂੰ ਛੱਡ ਨਸ਼ੇ ਦੀ ਭੇਟ ਚੜ੍ਹ ਜਾਵੇ ਤਾਂ ਇਹ ਦੁੱਖ ਉਸ ਪਰਿਵਾਰ ਤੋ ਕਿਵੇਂ ਝੱਲ ਹੋਵੇਗਾ ਇਹ ਕੋਈ ਦੂਸਰਾ ਨਹੀਂ ਬਿਆਨ ਕਰ ਸਕਦਾ। ਅਜਿਹਾ ਹੀ ਇਕ ਬਦਕਿਸਮਤ ਬਾਪ ਗੁਰਨਾਮ ਸਿੰਘ ਹੈ ਜੋ ਆਪਣੇ ਜਵਾਨ ਪੁੱਤਰ ਦੀ ਲਾਵਾਰਿਸ ਪਈ ਲਾਸ਼ ਆਪਣੇ ਹੱਥੀਂ ਚੁੱਕ ਕੇ ਲਿਆਇਆ।
ਇਹ ਮਾਮਲਾ ਹੈ ਹਲਕਾ ਜਲਾਲਾਬਾਦ ਦੇ ਪਿੰਡ ਅਲਿਆਣਾ ਦਾ ਜਿੱਥੇ ਗਰੀਬ ਮਜ਼ਦੂਰ ਗੁਰਨਾਮ ਸਿੰਘ ਦਾ ਪੁੱਤਰ ਮਾੜੀ ਸੰਗਤ 'ਚ ਪੈ ਕੇ ਚਿੱਟੇ ਦਾ ਸੇਵਨ ਕਰਨ ਲੱਗ ਪਿਆ ਲੇਕਿਨ ਪਰਿਵਾਰ ਇਸ ਗੱਲ ਤੋਂ ਅਣਜਾਣ ਸੀ। ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ’ਚ ਇਕ ਨੌਜਵਾਨ ਨੂੰ ਕੰਧ ’ਤੇ ਨਾਲ ਮੂੰਹ ਦੇ ਭਾਰ ਡਿੱਗਿਆ ਹੋਇਆ ਸੀ। ਇਸ ਨੌਜਵਾਨ ਦੇ ਹੇਠਾਂ ਇੱਕ ਸਰਿੰਜ ਪਈ ਦਿਖਾਈ ਦੇ ਰਹੀ ਹੈ। ਇਹ ਵੀਡੀਓ ਮ੍ਰਿਤਕ ਨੌਜਵਾਨ ਦੀ ਦੱਸੀ ਜਾ ਰਹੀ ਹੈ।
ਪਰਿਵਾਰ ਨੂੰ ਬੀਤੇ ਤੜਕਸਾਰ ਹੀ ਆਪਣੇ ਪੁੱਤਰ ਬਲਵਿੰਦਰ ਦੀ ਲਾਸ਼ ਕਿਸੇ ਸੁਨਸਾਨ ਥਾਂ ਤੋ ਮਿਲੀ। ਬਲਵਿੰਦਰ ਦਾ ਕਰੀਬ ਤਿੰਨ ਮਹੀਨੇ ਪਹਿਲਾ ਹੀ ਮਾਂ-ਬਾਪ ਨੇ ਬੜੇ ਚਾਵਾ ਨਾਲ ਵਿਆਹ ਕੀਤਾ ਸੀ। ਹੁਣ ਮਾਂ-ਬਾਪ ਆਪਣੇ ਪੁੱਤਰ ਦਾ ਮਿੱਥ ਕੇ ਕਤਲ ਕੀਤੇ ਜਾਣ ਦੀ ਗੱਲ ਕਰਦਿਆ ਸ਼ਰੇਆਮ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਪਰਿਵਾਰ ਨੇ ਦਾਅਵਾ ਕੀਤਾ ਹੈ ਕੇ ਇਸ ਅਲਿਆਣਾ ਪਿੰਡ ਦੇ ਹੀ ਦੋ ਦਰਜਨ ਤੋਂ ਵੱਧ ਨੌਜਾਵਨ ਹੁਣ ਤਕ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਹਨ ਲੇਕਿਨ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।
- PTC NEWS