ਮੁੱਖ ਮੰਤਰੀ ਵੱਲੋਂ ਫਾਇਰ ਬਿ੍ਰਗੇਡ ਮੁਲਾਜ਼ਮਾਂ ਦੀਆਂ ਵਰਦੀਆਂ ਲਈ ਫੰਡ ਤੁਰੰਤ ਜਾਰੀ ਕਰਨ ਦੇ ਹੁਕਮ

By  Joshi November 22nd 2017 08:53 PM

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਾਇਰ ਬਿ੍ਰਗੇਡ ਦੀਆਂ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਭਾਗ ਦੇ ਮੁਲਾਜ਼ਮਾਂ ਦੀਆਂ ਵਰਦੀਆਂ ਲਈ ਫੰਡ ਤੁਰੰਤ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਵਿਭਾਗ ਦੇ ਮੰਤਰੀ ਨੂੰ ਵੀ ਕਿਹਾ ਕਿ ਅੱਗ ਬੁਝਾਊ ਦਸਤੇ ਦੇ ਮੁਲਾਜ਼ਮਾਂ ਨੂੰ ਬੀਮਾ ਸਹੂਲਤ ਕਿਵੇਂ ਮੁਹੱਈਆ ਕਰਵਾਈ ਜਾ ਸਕਦੀ ਹੈ, ਬਾਰੇ ਵੀ ਦੱਸਿਆ ਜਾਵੇ। ਹਾਲ ਹੀ ਵਿੱਚ ਲੁਧਿਆਣਾ ਦੀ ਇਕ ਫੈਕਟਰੀ ਦੇ ਮਲੀਆਮੇਟ ਹੋ ਜਾਣ ਕਾਰਨ ਫਾਇਰ ਬਿ੍ਰਗੇਡ ਵਿਭਾਗ ਦੇ ਮੁਲਾਜ਼ਮਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਨੇ ਅੱਜ ਇੱਥੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵਿਭਾਗ ਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਤਰਜੀਹੀ ਤੌਰ ’ਤੇ ਵਿਚਾਰਨ ਦੀ ਗੱਲ ਆਖੀ। ਮੁੱਖ ਮੰਤਰੀ ਵੱਲੋਂ ਫਾਇਰ ਬਿ੍ਰਗੇਡ ਮੁਲਾਜ਼ਮਾਂ ਦੀਆਂ ਵਰਦੀਆਂ ਲਈ ਫੰਡ ਤੁਰੰਤ ਜਾਰੀ ਕਰਨ ਦੇ ਹੁਕਮਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਬੀਤੇ ਕੱਲ ਲੁਧਿਆਣਾ ਵਿਖੇ ਘਟਨਾ ਵਾਲੀ ਜਗਾ ’ਤੇ ਹਾਲਾਤ ਦਾ ਜਾਇਜ਼ਾ ਲੈਣ ਮੌਕੇ ਦੇਖਿਆ ਕਿ ਕਿਵੇਂ ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਗਿੱਲੀਆਂ ਬੋਰੀਆਂ ਅਤੇ ਗਿੱਲੇ ਕਪੜਿਆਂ ਰਾਹੀਂ ਬਚਾਅ ਕਾਰਜਾਂ ਨੂੰ ਅਮਲ ਵਿੱਚ ਲਿਆ ਰਹੇ ਹਨ। ਉਨਾਂ ਕਿਹਾ ਕਿ ਇਹ ਮੁਲਾਜ਼ਮ ਲੋਕਾਂ ਦੀ ਜਾਨ-ਮਾਲ ਖਾਤਰ ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾਉਂਦੇ ਹਨ ਜਿਸ ਲਈ ਸਰਕਾਰ ਦਾ ਫਰਜ਼ ਹੈ ਕਿ ਉਨਾਂ ਨੂੰ ਲੋੜੀਂਦੀਆਂ ਸਹੂਲਤਾਂ ਅਤੇ ਸਾਜ਼ੋ-ਸਾਮਾਨ ਨਾਲ ਲੈਸ ਕੀਤਾ ਜਾਵੇ ਤਾਂ ਜੋ ਉਹ ਮੁਸ਼ਕਲ ਚੁਣੌਤੀਆਂ ਦਾ ਸੁਚੱਜੇ ਢੰਗ ਨਾਲ ਸਾਹਮਣਾ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਫਾਇਰ ਬਿ੍ਰਗੇਡ ਵਿਭਾਗ ਸਟਾਫ ਦੀ ਕਮੀ ਨਾਲ ਵੀ ਜੂਝ ਰਿਹਾ ਹੈ ਜਿਸ ਦਾ ਹੰਗਾਮੀ ਹਾਲਤ ਜਿਵੇਂ ਕਿ ਲੁਧਿਆਣਾ ਹਾਦਸਾ ਹੋਇਆ, ਮੌਕੇ ਬਹੁਤ ਮਾੜਾ ਅਸਰ ਪੈਂਦਾ ਹੈ। ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਅਹਿਮ ਮਹਿਕਮੇ ਦੇ ਕੰਮਕਾਜ ਨੂੰ ਅਸਰਦਾਰ ਅਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਇਸ ਦੀ ਮਜ਼ਬੂਤੀ ਅਤੇ ਵਿਸਤਾਰ ਦੇ ਕੰਮ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਉਣ ਦੀ ਤਾਕੀਦ ਕੀਤੀ। ਸ੍ਰੀ ਸਿੱਧੂ ਨੇ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਮਹਿਕਮੇ ਵਿੱਚ ਸੁਧਾਰ ਆਦਿ ਲਈ ਕੋਈ ਕਦਮ ਨਹੀਂ ਚੁੱਕੇ ਅਤੇ ਸਾਜ਼ੋ-ਸਾਮਾਨ ਦਾ ਪੱਧਰ ਉੱਚਾ ਚੁੱਕਣ ਲਈ 90 ਕਰੋੜ ਰੁਪਏ ਵਿੱਚੋਂ ਸਿਰਫ 13 ਕਰੋੜ ਰੁਪਏ ਹੀ ਖਰਚੇ। ਮੁੱਖ ਮੰਤਰੀ ਵੱਲੋਂ ਫਾਇਰ ਬਿ੍ਰਗੇਡ ਮੁਲਾਜ਼ਮਾਂ ਦੀਆਂ ਵਰਦੀਆਂ ਲਈ ਫੰਡ ਤੁਰੰਤ ਜਾਰੀ ਕਰਨ ਦੇ ਹੁਕਮਕੈਪਟਨ ਅਮਰਿੰਦਰ ਨੇ ਕਿਹਾ ਕਿ ਉਨਾਂ ਦੀ ਸਰਕਾਰ ਫਾਇਰ ਬਿ੍ਰਗੇਡ ਅਮਲੇ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ, ਵਿਕਾਸ ਅਤੇ ਹੋਰ ਸੁਧਾਰ ਲਈ ਕੋਈ ਕਸਰ ਨਹੀਂ ਛੱਡੇਗੀ। ਇਸ ਸਾਲ ਦੇ ਸ਼ੁਰੂ ਵਿੱਚ ਹੀ ਅੱਗ ਬੁਝਾਊ ਅਮਲੇ ਦੀਆਂ ਸੇਵਾਵਾਂ ਲਈ ਡਾਇਰੈਕਟੋਰੇਟ ਸਥਾਪਤ ਕੀਤਾ ਗਿਆ ਹੈ ਅਤੇ 69 ਫਾਇਰ ਬਿ੍ਰਗੇਡ ਖਰੀਦ ਉਪਰੰਤ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ ਸਪੁਰਦ ਕੀਤੀਆਂ ਗਈਆਂ। 27 ਹੋਰ ਫਾਇਰ ਬਿ੍ਰਗੇਡ ਦਸੰਬਰ ਮਹੀਨੇ ਵਿੱਚ ਆ ਜਾਣਗੀਆਂ ਜਿਸ ਨਾਲ ਇਸ ਅਮਲੇ ਦੇ ਕੰਮ ਵਿੱਚ ਹੋਰ ਸੁਧਾਰ ਆਵੇਗਾ। ਨਵਾਂ ਫਾਇਰ ਸੇਫਟੀ ਐਕਟ ਲਿਆਉਣ ਲਈ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਹ ਦਸੰਬਰ ਮਹੀਨੇ ਵਿੱਚ ਤਿਆਰ ਹੋ ਜਾਵੇਗਾ। ਸਿੱਧੂ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਫਾਇਰ ਸਰਵਿਸਿਜ਼ ‘ਫਾਇਰ ਸੇਫਟੀ ਐਕਟ’ ਤਹਿਤ ਗੈਰ-ਮਨਜ਼ੂਰਸ਼ੁਦਾ ਬਿਲਡਿੰਗ ਅਤੇ ਫਾਇਰ ਸੇਫਟੀ ਕਿਸਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕਰੇਗਾ। ਉਨਾਂ ਕਿਹਾ ਕਿ ਫਾਇਰ ਡਾਇਰੈਕਟੋਰੇਟ ਇਕ ਭਾਰਤੀ ਪੁਲਿਸ ਸੇਵਾਵਾਂ (ਆਈ.ਪੀ.ਐੱਸ) ਅਧਿਕਾਰੀ ਦੀ ਅਗਵਾਈ ਵਿੱਚ ਕੰਮ ਕਰੇਗਾ ਅਤੇ ਸਮੂਹ ਫਾਇਰ ਸਟੇਸ਼ਨਾਂ ’ਤੇ ਲੋੜੀਂਦੀਆਂ ਸਹੂਲਤਾਂ ਅਤੇ ਅੱਗ ਬੁਝਾਊ ਦਸਤੇ ਲਈ ਸਾਮਾਨ ਤੇ ਮਸ਼ੀਨਰੀ ਨੂੰ ਯਕੀਨੀ ਬਣਾਏਗਾ। —PTC News

Related Post