ਭਗਵੰਤ ਮਾਨ ਦੇ ਇਲਜ਼ਾਮਾਂ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪਲਟਵਾਰ

By  Jasmeet Singh September 29th 2022 01:40 PM

CM Bhagwant Mann Vs Former CM Charanjit Singh Channi: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਸਮੇਂ ਕੈਨੇਡਾ 'ਚ ਹਨ ਅਤੇ ਕੀਤੇ ਲਾਪਤਾ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਮੋਬਾਈਲ ਫੋਨ ’ਤੇ 24 ਘੰਟੇ ਉਪਲਬਧ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਨ੍ਹਾਂ ਦੇ ਨਿੱਜੀ ਸਟਾਫ ਦਾ ਕੋਈ ਫੋਨ ਨਹੀਂ ਆਇਆ।

ਦੀ ਟ੍ਰਿਬਿਊਨ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ ਚੰਨੀ ਨੇ ਕਿਹਾ ਕਿ ਮਾਨ ਦਾ ਇਹ ਕਹਿਣਾ ਗਲਤ ਸੀ ਕਿ ਮੈਂ ਉਪਲਬਧ ਨਹੀਂ ਹਾਂ। ਮੈਂ ਇਸ ਸਮੇਂ ਆਪਣੀ ਅੱਖ ਦਾ ਇਲਾਜ ਕਰਵਾ ਰਿਹਾ ਹਾਂ ਅਤੇ ਜਲਦੀ ਹੀ ਵਾਪਸ ਆ ਜਾਵਾਂਗਾ। ਮੈਂ ਆਪਣਾ ਪੀਐਚਡੀ ਥੀਸਿਸ ਵੀ ਪੂਰਾ ਕਰ ਰਿਹਾ ਹਾਂ ਅਤੇ ਇਸਨੂੰ ਜਮ੍ਹਾ ਕਰਨ ਲਈ ਜਲਦੀ ਹੀ ਵਾਪਸ ਆਵਾਂਗਾ। ਚੰਨੀ ਨੇ ਕਿਹਾ ਕਿ ਮਾਨ ਜਦੋਂ ਚਾਹੁਣ ਉਨ੍ਹਾਂ ਨੂੰ ਬੁਲਾ ਸਕਦੇ ਹਨ।

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ। ਇਸ ਦਰਮਿਆਨ ਉਨ੍ਹਾਂ ਇਲਜ਼ਾਮ ਲਾਇਆ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਾਂਗਰਸ ਇਸ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਕਈ ਲੋਕ ਵਿਰੋਧੀ ਫੈਸਲੇ ਲੈਣ ਦਾ ਇਲਜ਼ਾਮ ਵੀ ਲਾਇਆ। ਇੰਨਾ ਹੀ ਨਹੀਂ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਬੋਲਦਿਆਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਸਾਬਕਾ ਹਮਰੁਤਬਾ ਚਰਨਜੀਤ ਸਿੰਘ ਚੰਨੀ ਕਿੱਥੇ ਹਨ। ਉਨ੍ਹਾਂ ਚੰਨੀ ਦੇ ਲਾਪਤਾ ਹੋਣ ਦਾ ਇਲਜ਼ਾਮ ਲਾਇਆ।

ਮਾਨ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਹਾਡਾ ਮੁੱਖ ਮੰਤਰੀ ਉਮੀਦਵਾਰ (ਚੰਨੀ) ਦਿਖਾਓ। ਸਾਡੇ ਆਉਣ ਤੋਂ ਬਾਅਦ ਮੈਨੂੰ ਫਾਈਲਾਂ ਮਿਲੀਆਂ ਅਤੇ ਦੇਖਿਆ ਕਿ ਕਾਰਜਕਾਲ ਦੇ ਅੰਤ ਦੌਰਾਨ ਕੁਝ ਫੈਸਲੇ ਲਏ ਗਏ ਸਨ। ਮੈਂ ਚੰਨੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਕਿੱਥੇ ਹਨ? ਚੋਣਾਂ ਤੋਂ ਬਾਅਦ ਉਹ ਕਿੱਥੇ ਗਏ ਸਨ? ਮੈਂ ਉਨ੍ਹਾਂ ਤੋਂ ਉਨ੍ਹਾਂ ਬਹੁਤ ਸਾਰੀਆਂ ਫਾਈਲਾਂ ਬਾਰੇ ਪੁੱਛਣਾ ਚਾਹੁੰਦਾ ਹਾਂ ਜਿਨ੍ਹਾਂ 'ਤੇ ਉਨ੍ਹਾਂ ਨੇ ਆਪਣੀ ਸਰਕਾਰ ਦੇ ਆਖਰੀ ਦਿਨਾਂ ਦੌਰਾਨ ਦਸਤਖਤ ਕੀਤੇ ਸਨ।

ਮਾਨ ਨੇ ਵਿਧਾਨ ਸਭਾ 'ਚ ਦਾਅਵਾ ਕੀਤਾ ਕਿ ਚੰਨੀ ਸੱਤਾ ਤਬਾਦਲੇ ਲਈ ਵੀ ਨਹੀਂ ਮਿਲ ਸਕੇ? ਉਹ ਕਿਉਂ ਭੱਜ ਗਏ? ਉਨ੍ਹਾਂ ਕਿਹਾ ਕਿ ਕੁਝ ਕਹਿੰਦੇ ਹਨ ਕਿ ਚੰਨੀ ਕੈਨੇਡਾ ਵਿੱਚ ਹਨ ਅਤੇ ਕੁਝ ਕਹਿੰਦੇ ਹਨ ਕਿ ਉਹ ਅਮਰੀਕਾ ਵਿੱਚ ਹਨ। ਚੰਨੀ ਨੂੰ ਇੱਥੇ ਹੀ ਰਹਿਣਾ ਚਾਹੀਦਾ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਕੁਝ ਗਲਤ ਕੀਤਾ ਹੋਵੇਗਾ।

-PTC News

Related Post