ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

By  Ravinder Singh August 27th 2022 06:52 PM -- Updated: August 27th 2022 08:17 PM

ਤਰਨਤਾਰਨ : ਤਰਨਤਾਰਨ ਤੋਂ ਸਾਬਕਾ ਕਾਂਗਰਸੀ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਦੇਹਾਂਤ ਹੋ ਗਿਆ। ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੀਨ ਐਵਨਿਊ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਹਲਕਾ ਵਿਧਾਇਕ ਡਾ. ਅਗਨੀਹੋਤਰੀ ਅੰਮ੍ਰਿਤਸਰ ਵਿਖੇ ਸਥਿਤ ਆਪਣੀ ਰਿਹਾਇਸ਼ ਦੇ ਨਜ਼ਦੀਕ ਸੈਲੂਨ ’ਚ ਕਟਿੰਗ ਕਰਵਾਉਣ ਗਏ ਸਨ, ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।  ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਨੇ ਅੱਜ ਆਖਰੀ ਸਾਹ ਲਏ।

ਪਰਿਵਾਰ ਵੱਲੋਂ ਧਰਮਵੀਰ ਅਗਨੀਹੋਤਰੀ ਦੀ ਦੇਹ ਤਰਨਤਾਰਨ ਲਿਆਂਦੀ ਜਾਵੇਗੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਨੀਹੋਤਰੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਡਾ. ਧਰਮਵੀਰ ਅਗਨੀਹੋਤਰੀ ਦਾ ਜਨਮ 1946 ਵਿੱਚ ਪਿੰਡ ਸ਼ੈਰੋ, ਤਰਨਤਾਰਨ ਵਿੱਚ ਹੋਇਆ। ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਪਿੰਡ ਵਿੱਚ ਪ੍ਰੈਕਟਿਸ ਕੀਤੀ ਅਤੇ ਆਪਣੇ ਨਾਮ 'ਤੇ ਇੱਕ ਹਸਪਤਾਲ ਖੋਲ੍ਹਿਆ। ਅਗਨੀਹੋਤਰੀ ਨੇ ਸਰਪੰਚ ਦੀ ਚੋਣ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। 1997 ਵਿੱਚ ਉਨ੍ਹਾਂ ਸਰਪੰਚ ਦੀ ਚੋਣ ਲੜੀ ਅਤੇ ਜਿੱਤੇ। ਇਸ ਤੋਂ ਬਾਅਦ 2007 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਨੌਸ਼ਹਿਰਾ ਪੰਨੂਆ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਪਰ ਉਹ ਹਾਰ ਗਏ। 2012 ਵਿੱਚ ਅਗਨੀਹੋਤਰੀ ਨੇ ਤਰਨਤਾਰਨ ਤੋਂ ਚੋਣ ਲੜੀ ਸੀ ਪਰ ਇੱਕ ਵਾਰ ਫਿਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

2017 ਵਿੱਚ ਡਾ. ਅਗਨੀਹੋਤਰੀ ਤਿੰਨ ਵਾਰ ਅਕਾਲੀ ਦਲ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਹਰਾ ਕੇ ਵਿਧਾਇਕ ਬਣੇ ਸਨ। ਪਰ 2022 'ਚ ਅਗਨੀਹੋਤਰੀ ਨੂੰ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਡਾ. ਕਸ਼ਮੀਰ ਸਿੰਘ ਸੋਹਲ ਹੱਥੋਂ ਹਾਰ ਦਾ ਸਾਹਮਣਾ ਕਰਨਾ । ਇਸ ਦੇ ਨਾਲ ਹੀ ਅਗਨੀਹੋਤਰੀ ਤਰਨਤਾਰਨ ਤੋਂ ਜਿੱਤਣ ਵਾਲੇ ਹੁਣ ਤੱਕ ਦੇ ਪਹਿਲੇ ਤੇ ਆਖਰੀ ਹਿੰਦੂ ਵਿਧਾਇਕ ਸਨ।

-PTC News

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾਉਣ ਵਾਲੇ ਦੀ ਜ਼ਮਾਨਤ ਅਰਜ਼ੀ ਰੱਦ

Related Post