ਫਰਾਂਸ 'ਚ ਰਹਿੰਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਹੋਈ ਆਰੰਭ:ਮਨਜਿੰਦਰ ਸਿਰਸਾ

By  Shanker Badra April 26th 2018 05:44 PM

ਫਰਾਂਸ 'ਚ ਰਹਿੰਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਹੋਈ ਆਰੰਭ:ਮਨਜਿੰਦਰ ਸਿਰਸਾ:ਫਰਾਂਸ ਵਿਚ ਭਾਰਤੀ ਸਫਾਰਤਖਾਨੇ ਨੇ ਫਰਾਂਸ ਵਿਚ ਰਹਿੰਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਕੋਲ ਚੁੱਕਿਆ ਗਿਆ ਸੀ ਜਿਸ ਮਗਰੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਫਰਾਂਸ 'ਚ ਰਹਿੰਦੇ ਸਿੱਖ ਭਾਈਚਾਰੇ ਦੇ ਨੇਤਾਵਾਂ ਇਕਬਾਲ ਸਿੰਘ ਭੱਟੀ, ਚੀਮਾ ਬੇਗੋਵਾਲ,ਸੁਰਜੀਤ ਸਿੰਘ ਮਾਨਾ,ਹਰਿੰਦਰਪਾਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਸ ਘਟਨਾਕ੍ਰਮ ਨਾਲ ਸਿੱਖ ਭਾਈਚਾਰੇ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ।ਇਹਨਾਂ ਆਗੂਆਂ ਨੇ ਫਰਾਂਸ ਵਿਚ ਅਰੋਰ ਡਾਨ ਨਾਮ ਦਾ ਸੰਗਠਨ ਬਣਾਇਆ ਹੋਇਆ ਹੈ ਜੋ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮਾਮਲੇ ਚੁੱਕਦਾ ਹੈ ਅਤੇ ਇਹ ਮਾਮਲਾ ਇਸ ਵੱਲੋਂ ਸਿਰਸਾ ਕੋਲ ਕੁਝ ਸਮਾਂ ਪਹਿਲਾਂ ਉਠਾਇਆ ਗਿਆ ਸੀ।

ਇਹਨਾਂ ਨੇਤਾਵਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਹ ਮਾਮਲਾ ਸਿਰਸਾ ਕੋਲ ਚੁੱਕਿਆ ਤਾਂ ਉਹਨਾਂ ਨੇ ਜਿਥੇ ਇਹ ਮਾਮਲਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਚੁੱਕਿਆ ,ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਦਫਤਰ ਦੇ ਧਿਆਨ ਵਿਚ ਲਿਆਂਦਾ ਜਿਸਦੇ ਨਤੀਜੇ ਵਜੋਂ ਇਹ ਮਸਲਾ ਹੱਲ ਹੋ ਸਕਿਆ।ਉਹਨਾਂ ਦੱਸਿਆ ਕਿ ਨਾ ਸਿਰਫ ਹੁਣ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਨਵੇਂ ਪਾਸਪੋਰਟ ਜਾਰੀ ਹੋ ਰਹੇ ਹਨ ਬਲਕਿ ਸਫਾਰਤਖਾਨੇ ਨੇ ਇਹ ਵੀ ਭਰੋਸਾ ਦੁਆਇਆ ਹੈ ਕਿ ਉਹਨਾਂ ਪਰਿਵਾਰਾਂ ਨੂੰ ਵੀ ਨਵੇਂ ਪਾਸਪੋਰਟ ਜਾਰੀ ਕੀਤੇ ਜਾਣਗੇ ਜਿਹਨਾਂ ਕੋਲ ਰਫਿਊਜੀ ਸਟੇਟਸ ਹੈ ਅਤੇ ਉਹਨਾਂ ਖਿਲਾਫ ਭਾਰਤ ਵਿਚ ਕਿਸੇ ਵੀ ਤਰਾਂ ਦਾ ਮੁਕੱਦਮਾ ਦਰਜ ਨਹੀਂ ਹੈ ਅਤੇ ਉਹ ਆਪਣੀ ਵਿੱਤੀ ਹਾਲਤ ਸੁਧਾਰਨਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਚਾਰ ਹੋਰ ਅਣਪਛਾਤੇ ਮਾਮਲੇ ਜਿਹਨਾਂ ਵਿਚ ਵਿਅਕਤੀਆਂ ਨੇ ਭਾਰਤ ਵਿਚ ਵਾਪਸ ਆਪਣੇ ਪਰਿਵਾਰਾਂ ਕੋਲ ਪਰਤਣ ਦੀ ਇੱਛਾ ਪ੍ਰਗਟਾਈ ਹੈ, ਦੇ ਵਿਚੋਂ ਵੀ ਤਿੰਨ ਕੇਸ ਸਫਾਰਤਖਾਨੇ ਦੇ ਵਿਚਾਰ ਅਧੀਨ ਹਨ ਤੇ ਇਹਨਾਂ ਨੂੰ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ।ਫਰਾਂਸ ਦੇ ਆਗੂਆਂ ਨੇ ਸਿਰਸਾ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਇਹ ਸੁਖਬੀਰ ਸਿੰਘ ਬਾਦਲ ਤੇ ਮਨਜਿੰਦਰ ਸਿੰਘ ਸਿਰਸਾ ਦੀ ਦਖਲਅੰਦਾਜ਼ੀ ਸਦਕਾ ਹੀ ਸੰਭਵ ਹੋ ਸਕਿਆ ਹੈ।

-PTCNews

Related Post