Google ਵੱਲੋਂ ਦਫ਼ਤਰ ਖੋਲ੍ਹਣ ਦੀ ਤਿਆਰੀ, ਹਰ ਵਰਕਰ ਨੂੰ ਮਿਲਣਗੇ 1 ਹਜ਼ਾਰ ਡਾਲਰ

By  Panesar Harinder May 28th 2020 12:26 PM

ਸੈਨ ਫ੍ਰਾਂਸਿਸਕੋ - ਵਿਸ਼ਵ-ਵਿਆਪੀ ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਅਤੇ 'ਵਰਕ ਫ਼ਰਾਮ ਹੋਮ' ਦੇ ਅਗਲੇ ਪੜਾਅ ਬਾਰੇ ਜ਼ਿਕਰ ਕਰਦਿਆਂ, ਗੂਗਲ ਨੇ ਕੰਮ ਨੂੰ ਮੁੜ ਆਮ ਜਾਂ 'ਨਵੇਂ ਕਿਸਮ ਦਾ ਆਮ' ਬਣਾਉਣ ਦੇ ਮੰਤਵ ਅਧੀਨ ਆਪਣੇ ਕਰਮਚਾਰੀਆਂ ਨੂੰ ਹੌਲੀ ਹੌਲੀ, ਪੜਾਅਵਾਰ ਦਫ਼ਤਰ ਵਾਪਸ ਆਉਣ ਲਈ ਮਿਤੀ 6 ਜੁਲਾਈ ਨਿਰਧਾਰਤ ਕੀਤੀ ਹੈ। ਇਸ ਤੋਂ ਇਲਾਵਾ ਗੂਗਲ ਨੇ ਆਪਣੇ ਦੁਨੀਆ ਭਰ ਦੇ ਕਰਮਚਾਰੀਆਂ ਲਈ ਜ਼ਰੂਰੀ ਉਪਕਰਣਾਂ ਅਤੇ ਦਫ਼ਤਰ ਦੇ ਫਰਨੀਚਰ 'ਤੇ ਹੋਏ ਖ਼ਰਚ ਵਜੋਂ ਆਪਣੇ ਹਰੇਕ ਕਰਮਚਾਰੀ ਨੂੰ ਇੱਕ ਹਜ਼ਾਰ ਡਾਲਰ (ਲਗਭਗ 75 ਹਜ਼ਾਰ ਰੁਪਏ) ਦੇਣ ਦਾ ਐਲਾਨ ਵੀ ਕੀਤਾ ਹੈ। ਕੰਪਨੀ ਦੇ ਸਾਰੇ ਕਰਮਚਾਰੀ ਇਸ ਸਮੇਂ ਘਰੋਂ ਕੰਮ ਕਰ ਰਹੇ ਹਨ। ਅਲਫਾਬੇਟ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੰਪਨੀ ਵੱਖੋ-ਵੱਖ ਸ਼ਹਿਰਾਂ 'ਚ ਸਥਿਤ ਆਪਣੇ ਦਫ਼ਤਰ 6 ਜੁਲਾਈ ਤੋਂ ਖੋਲ੍ਹਣਾ ਸ਼ੁਰੂ ਕਰ ਦੇਵੇਗੀ। ਪਿਚਾਈ ਨੇ ਕਿਹਾ ਕਿ ਹਾਲਤਾਂ ਨੂੰ ਦੇਖਦੇ ਹੋਏ, ਅਤੇ ਆਗਿਆ ਮਿਲਣ 'ਤੇ ਰੋਟੇਸ਼ਨ ਪ੍ਰੋਗਰਾਮਾਂ ਨੂੰ ਹੋਰ ਫ਼ੈਲਾਅ ਦੇ ਕੇ ਗੂਗਲ ਸਤੰਬਰ ਤੱਕ ਮੁੜ 30 ਪ੍ਰਤੀਸ਼ਤ ਦਫ਼ਤਰੀ ਸਮਰੱਥਾ ਹਾਸਲ ਕਰ ਲਵੇਗਾ। ਸੀਈਓ ਪਿਚਾਈ ਨੇ ਕਿਹਾ ਕਿ ਅਸੀਂ ਅਜੇ ਵੀ ਉਮੀਦ ਕਰਦੇ ਹਾਂ ਕਿ ਗੂਗਲ ਦੇ ਵਧੇਰੇ ਕਰਮਚਾਰੀ ਬਾਕੀ ਬਚਦੇ ਮੌਜੂਦਾ ਸਾਲ ਦੌਰਾਨ ਵੱਡੇ ਪੱਧਰ 'ਤੇ 'ਵਰਕ ਫ਼ਰਾਮ ਹੋਮ ਜਾਰੀ ਰੱਖਣਗੇ। ਅਜਿਹੀ ਸਥਿਤੀ ਵਿੱਚ ਅਸੀਂ ਹਰੇਕ ਵਰਕਰ ਨੂੰ ਲੋੜੀਂਦੇ ਉਪਕਰਣਾਂ ਅਤੇ ਦਫ਼ਤਰੀ ਫ਼ਰਨੀਚਰ ਦੇ ਖ਼ਰਚਿਆਂ ਲਈ 1000 ਡਾਲਰ ਦਾ ਭੱਤਾ, ਜਾਂ ਉਨ੍ਹਾਂ ਦੀ ਰਿਹਾਇਸ਼ ਵਾਲੇ ਦੇਸ਼ ਦੇ ਅਨੁਸਾਰ ਬਰਾਬਰ ਮੁੱਲ ਦੇਵਾਂਗੇ। ਪਿੱਚਾਈ ਦੇ ਦੱਸਣ ਅਨੁਸਾਰ, ਇਸ ਸਾਲ ਦਫ਼ਤਰ ਪਹੁੰਚ ਕੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਬੇਹਦ ਘੱਟ ਹੈ। ਜੇ ਸ਼ੁਰੂਆਤੀ ਕੋਸ਼ਿਸ਼ਾਂ ਦੌਰਾਨ ਸਭ ਕੁਝ ਠੀਕ ਰਿਹਾ, ਤਾਂ ਗੂਗਲ ਸਤੰਬਰ ਦੇ ਨੇੜੇ ਤੇੜੇ 10% ਤੱਕ 30% ਤੱਕ ਵਾਧਾ ਹਾਸਲ ਕਰੇਗਾ "ਜਿਸਦਾ ਅਰਥ ਇਹ ਹੋਵੇਗਾ ਕਿ ਜ਼ਿਆਦਾਤਰ ਲੋਕ ਜੋ ਆਉਣਾ ਚਾਹੁੰਦੇ ਹਨ, ਉਹ ਸੀਮਿਤ ਪੱਧਰ 'ਤੇ ਅਜਿਹਾ ਕਰ ਸਕਦੇ ਹਨ, ਹਾਲਾਂਕਿ ਤਰਜੀਹ ਉਨ੍ਹਾਂ ਨੂੰ ਹੀ ਰਹੇਗੀ ਜਿਨ੍ਹਾਂ ਦੇ ਆਉਣ ਦੀ ਲੋੜ ਹੈ" ਪਿਚਾਈ ਨੇ ਕਿਹਾ। ਪਿਚਾਈ ਨੇ ਅੱਗੇ ਕਿਹਾ, "ਅਸੀਂ ਵੰਡੇ ਹੋਏ ਕੰਮ ਨੂੰ ਪੂਰਾ ਕਰਨ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿਉਂਕਿ ਸਾਡੇ ਕੋਲ ਦੁਨੀਆ ਭਰ 'ਚ ਫ਼ੈਲੇ ਬਹੁਤ ਸਾਰੇ ਦਫ਼ਤਰ ਹਨ ਅਤੇ ਅਸੀਂ ਇਸ ਸਮੇਂ ਦੌਰਾਨ ਸਿੱਖੇ ਸਬਕਾਂ ਬਾਰੇ ਅਸੀਂ ਖੁੱਲੇ ਵਿਚਾਰ ਰੱਖਦੇ ਹਾਂ।"

Related Post