ਐਚ.ਐਸ ਫੂਲਕਾ ਨੇ ਬਿਨਾਂ ਰਿਪੋਰਟ ਪੜੇ ਮਨਘੜਤ ਸਿੱਟੇ ਕੱਢੇ ਹਨ:ਅਕਾਲੀ ਦਲ

By  Shanker Badra September 5th 2018 05:17 PM -- Updated: September 5th 2018 06:27 PM

ਐਚ.ਐਸ ਫੂਲਕਾ ਨੇ ਬਿਨਾਂ ਰਿਪੋਰਟ ਪੜੇ ਮਨਘੜਤ ਸਿੱਟੇ ਕੱਢੇ ਹਨ:ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ ਫੂਲਕਾ ਨੇ ਪੱਖਪਾਤੀ ਨਜ਼ਰੀਏ ਨਾਲ ਜਸਟਿਸ ਰਣਜੀਤ ਸਿੰਘ ਰਿਪੋਰਟ ਦੇ ਗਲਤ ਅਰਥ ਕੀਤੇ ਹਨ ਅਤੇ ਅਜਿਹੇ ਸਿੱਟੇ ਕੱਢੇ ਹਨ, ਜਿਹਨਾਂ ਦਾ ਰਿਪੋਰਟ ਨਾਲ ਦੂਰ ਦਾ ਵਾਸਤਾ ਨਹੀਂ ਹੈ।ਇਸ ਬਾਰੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਫੂਲਕਾ ਨੇ ਇੱਕ ਗੈਰਸਿਧਾਂਤਕ, ਗੈਰਕਾਨੂੰਨੀ ਅਤੇ ਗੈਰਸੰਵਿਧਾਨਿਕ ਸਟੈਂਡ ਲਿਆ ਹੈ ਕਿ ਸਰਕਾਰ ਜਸਟਿਸ ਰਣਜੀਤ ਸਿੰਘ ਦੀਆਂ ਸਿਫਾਰਿਸ਼ਾਂ ਦੇ ਆਧਾਰ ਉੱਤੇ ਸਾਬਕਾ ਮੁੱਖ ਮੰਤਰੀ ਖ਼ਿਲਾਫ ਕੇਸ ਦਰਜ ਕਰ ਸਕਦੀ ਹੈ।

ਇਸ ਸੰਬੰਧੀ ਦਲੀਲ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਫੂਲਕਾ ਨੇ ਦਾਅਵਾ ਕੀਤਾ ਹੈ ਕਿ ਸਪਲੀਮੈਂਟਰੀ ਰਿਪੋਰਟ ਦੇ ਆਖਰੀ ਪੰਨੇ ਉੱਤੇ ਲਿਖਿਆ ਹੈ ਕਿ ਲੱਗਦਾ ਹੈ ਕਿ ਬਹਿਬਲ ਕਲਾਂ ਵਿਖੇ ਗੋਲੀਬਾਰੀ ਦੇ ਹੁਕਮ ਦੇਣ ਵਿਚ ਉਸ ਸਮੇਂ ਦਾ ਮੁੱਖ ਮੰਤਰੀ ਸ਼ਾਮਿਲ ਸੀ।ਉਹਨਾਂ ਕਿਹਾ ਕਿ ਵਿਵਾਦਗ੍ਰਸਤ ਰਣਜੀਤ ਸਿੰਘ ਰਿਪੋਰਟ ਪੜ੍ਹੇ ਬਗੈਰ ਹੀ ਜੋ ਮਨਘੜਤ ਗੱਲਾਂ ਕਾਂਗਰਸੀ ਮੰਤਰੀ ਕਰ ਰਹੇ ਸਨ ਕਿ ਸ.ਬਾਦਲ ਦੋਸ਼ੀ ਹਨ, ਫੂਲਕਾ ਨੇ ਵੀ ਉਹੀ ਕੁੱਝ ਦੁਹਰਾਇਆ ਹੈ।

ਫੂਲਕਾ ਨੂੰ ਚੁਣੌਤੀ ਦਿੰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਉਹ ਕੇਵਲ ਪਿਛਲੇ ਪੰਨੇ ਦੀ ਗੱਲ ਨਾ ਕਰੇ,ਬਹਿਬਲ ਕਲਾਂ ਵਿਖੇ ਗੋਲੀਬਾਰੀ ਬਾਰੇ ਪੂਰੀ ਸਪਲੀਮੈਂਟਰੀ ਰਿਪੋਰਟ ਵਿਚ ਕਿਤੇ ਵੀ ਚਰਚਾ ਨਹੀਂ ਹੋਈ।ਇਸ ਸਾਰੀ ਰਿਪੋਰਟ ਵਿਚ ਤੁਹਾਨੂੰ ਬਹਿਬਲ ਕਲਾਂ ਦਾ ਕਿਤੇ ਵੀ ਜ਼ਿਕਰ ਨਹੀਂ ਲੱਭਦਾ।ਉਹਨਾਂ ਕਿਹਾ ਕਿ ਪਰ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਜਸਟਿਸ ਰਣਜੀਤ ਸਿੰਘ ਨੇ ਆਪਣੇ ਕਾਂਗਰਸੀ ਆਕਾਵਾਂ ਨਾਲ ਮਿਲ ਕੇ ਕੋਟਕਪੂਰਾ ਅਤੇ ਬਹਿਬਲ ਕਲਾਂ ਮੰਦਭਾਗੀਆਂ ਘਟਨਾਵਾਂ ਨੂੰ ਇਕੱਠੀਆਂ ਕਰਕੇ ਭੰਬਲਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਫੂਲਕਾ ਜੋ ਕਿ ਖੁਦ ਸੁਪਰੀਮ ਕੋਰਟ ਦੇ ਇੱਕ ਵੱਡੇ ਵਕੀਲ ਹਨ,ਨੇ ਇਸ ਅਸਪੱਸ਼ਟ ਬਿਆਨ ਨੂੰ ਆਧਾਰ ਬਣਾ ਕੇ ਇਹ ਸਿੱਟਾ ਕੱਢ ਲਿਆ ਹੈ ਕਿ ਪੈਨਲ ਨੇ ਸਰਦਾਰ ਬਾਦਲ ਨੂੰ ਦੋਸ਼ੀ ਠਹਿਰਾਇਆ ਹੈ ਜੋ ਕਿ ਤਰਕਹੀਣ ਅਤੇ ਹਾਸੋਹੀਣੀ ਗੱਲ ਹੈ।ਡਾਕਟਰ ਚੀਮਾ ਨੇ ਕਿਹਾ ਕਿ ਸੁਪਰੀਮ ਕੋਰਟ ਵਿਚ ਵਕਾਲਤ ਕਰ ਰਹੇ ਇੱਕ ਸੀਨੀਅਰ ਵਕੀਲ ਤੋਂ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਉਹ ਵਿਵਾਦਗ੍ਰਸਤ ਰਿਪੋਰਟ ਵਿਚੋਂ ਮਨਮਰਜ਼ੀ ਦੇ ਅਰਥ ਕੱਢਣਗੇ।ਇਸ ਨਾਲ ਉਹਨਾਂ ਦੀ ਪੇਸ਼ਾਵਰ ਕਾਬਲੀਅਤ ਵੀ ਸਵਾਲਾਂ ਦੇ ਘੇਰੇ ਵਿਚ ਆਉਂਦੀ ਹੈ।ਉਹਨਾਂ ਕਿਹਾ ਕਿ ਫੂਲਕਾ ਨੇ ਸਿਰਫ ਸ਼ਹੀਦ ਅਖਵਾਉਣ ਲਈ ਇਹ ਧਮਕੀ ਦਿੱਤੀ ਹੈ ਕਿ ਜੇਕਰ ਸਰਦਾਰ ਬਾਦਲ ਵਿਰੁੱਧ ਕੇਸ ਦਰਜ ਨਾ ਕੀਤਾ ਤਾਂ ਉਹ ਅਸੰਬਲੀ ਵਿਚੋਂ ਅਸਤੀਫਾ ਦੇ ਦੇਣਗੇ।

-PTCNews

Related Post