ਨਹੀਂ ਦੇਖ ਸਕਿਆ 15 ਦਿਨ ਪਹਿਲਾਂ ਜੰਮੀ ਧੀ ਦਾ ਮੂੰਹ , ਦੇਸ਼ ਦੀ ਖ਼ਾਤਿਰ ਸ਼ਹੀਦ ਹੋ ਗਿਆ ਕੁੰਦਨ

By  Kaveri Joshi June 17th 2020 03:01 PM

ਸਾਹਿਬਗੰਜ :- ਨਹੀਂ ਦੇਖ ਸਕਿਆ 15 ਦਿਨ ਪਹਿਲਾਂ ਜੰਮੀ ਧੀ ਦਾ ਮੂੰਹ , ਦੇਸ਼ ਦੀ ਖ਼ਾਤਿਰ ਸ਼ਹੀਦ ਹੋ ਗਿਆ ਕੁੰਦਨ : ਭਾਰਤ ਅਤੇ ਚੀਨ ਦੇ ਬਾਰਡਰ 'ਤੇ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਦੌਰਾਨ ਭਾਰਤੀ ਫ਼ੌਜ ਦੇ 20 ਜਵਾਨਾਂ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਮਿਲੀ ਹੈ । ਦੱਸ ਦੇਈਏ ਕਿ ਇਹਨਾਂ ਜਵਾਨਾਂ 'ਚ ਸਾਹੇਬਗੰਜ ਜ਼ਿਲ੍ਹਾ ਦੇ ਸਦਰ ਪ੍ਰਖੰਡ ਸਥਿੱਤ ਡਿਹਾਰੀ ਪਿੰਡ ਦਾ ਵਸਨੀਕ ਕੁੰਦਨ ਕੁਮਾਰ ਓਝਾ ਦੇਸ਼ ਦੀ ਰੱਖਿਆ ਕਰਦੇ ਸ਼ਹੀਦ ਹੋ ਗਿਆ । ਕੁੰਦਨ ਕੁਮਾਰ ਨੂੰ ਕੁਝ ਦਿਨ ਪਹਿਲਾਂ ਹੀ ਪ੍ਰਮਾਤਮਾ ਨੇ ਇਕ ਧੀ ਦੀ ਦਾਤ ਨਾਲ ਨਿਵਾਜਿਆ ਸੀ , ਜਿਸਦਾ ਚਿਹਰਾ ਦੇਖਣਾ ਵੀ ਉਹਨਾਂ ਨੂੰ ਨਸੀਬ ਨਹੀਂ ਹੋਇਆ ।

https://media.ptcnews.tv/wp-content/uploads/2020/06/WhatsApp-Image-2020-06-17-at-1.05.19-PM.jpeg

ਪਰਿਵਾਰ :-

ਮਿਲੀ ਜਾਣਕਾਰੀ ਮੁਤਾਬਿਕ ਸ਼ਹੀਦ ਜਵਾਨ ਕੁੰਦਨ ਦੇ ਪਿਤਾ ਰਵੀਸ਼ੰਕਰ ਓਝਾ ਇੱਕ ਕਿਸਾਨ ਹਨ । ਰਵੀਸ਼ੰਕਰ ਓਝਾ ਦੇ ਤਿੰਨ ਪੁੱਤਰਾਂ 'ਚੋਂ ਕੁੰਦਨ ਦੂਸਰੇ ਨੰਬਰ 'ਤੇ ਸੀ ਤੇ ਪਿਛਲੇ 7 ਸਾਲ ਤੋਂ ਫ਼ੌਜ 'ਚ ਤਾਇਨਾਤ ਸੀ। ਕੁੰਦਨ ਦਾ ਵੱਡਾ ਭਰਾ ਮੁਕੇਸ਼ ਕੁਮਾਰ ਓਝਾ ਧਨਬਾਦ ਤੇ ਛੋਟਾ ਭਰਾ ਕਨ੍ਹਈਆ ਓਝਾ ਗੋੱਡਾ 'ਚ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਸਮੇਂ ਘਰ 'ਚ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਤੇ ਭਾਬੀ ਮੌਜੂਦ ਸਨ। ਛੋਟਾ ਭਰਾ ਹਾਲੇ ਕੁਆਰਾ ਹੈ।

2011 'ਚ ਬਿਹਾਰ ਰੈਜੀਮੈਂਟ ਕਟਿਹਾਰ 'ਚ ਹੋਏ ਸਨ ਭਰਤੀ:-

ਕੁੰਦਨ 2011 'ਚ ਬਿਹਾਰ ਰੈਜੀਮੈਂਟ ਕਟਿਹਾਰ 'ਚ ਭਰਤੀ ਹੋਏ ਸਨ । ਉਹਨਾਂ ਦਾ ਵਿਆਹ 2017 'ਚ ਬਿਹਾਰ ਦੇ ਸੁਲਤਾਨਗੰਜ ਸਥਿੱਤ ਨਿਰਹੱਟੀ ਪਿੰਡ ਦੀ ਵਸਨੀਕ ਨੇਹਾ ਨਾਲ ਹੋਇਆ। ਹਾਲ ਹੀ ਵਿੱਚ ਉਹ ਇੱਕ ਲੜਕੀ ਦੇ ਪਿਤਾ ਬਣੇ ਹਨ । ਕੁੰਦਨ ਸਰਹੱਦ 'ਤੇ ਤਾਇਨਾਤ ਸੀ , ਪਰ ਜਲਦ ਹੀ ਆਪਣੀ ਧੀ ਨੂੰ ਵੇਖਣ ਲਈ ਉਹ ਛੁੱਟੀ ਲੈ ਕੇ ਘਰ ਆਉਣ ਵਾਲਾ ਸੀ , ਇਸੇ ਦੌਰਾਨ ਚੀਨ ਨਾਲ ਹਿੰਸਕ ਝੜਪ ਸ਼ੁਰੂ ਹੋ ਗਈ ਜਿਸ 'ਚ ਕੁੰਦਨ ਸ਼ਹੀਦ ਹੋ ਗਏ ।

 

ਧੀ ਦੀ ਆਮਦ 'ਤੇ ਹੋਈ ਸੀ ਘਰ ਗੱਲਬਾਤ :-

ਰਿਸ਼ਤੇਦਾਰਾਂ ਦੇ ਦੱਸਣ ਅਨੁਸਾਰ ਕੁੰਦਨ ਦੀ ਉਹਨਾਂ ਨਾਲ ਤਕਰੀਬਨ 15 ਦਿਨ ਪਹਿਲਾਂ ਗੱਲ ਹੋਈ ਸੀ , ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ । ਬੀਤੇ ਸੋਮਵਾਰ ਨੂੰ ਉਹਨਾਂ ਨੂੰ ਕੁੰਦਨ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਮਿਲੀ । ਆਰਮੀ ਸੂਬੇਦਾਰ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਕੁੰਦਨ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਪਾ ਗਿਆ ਗਿਆ ਹੈ , ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਈ ਲਿਖਿਤ ਸੂਚਨਾ ਨਹੀਂ ਦਿੱਤੀ ਗਈ । ਦੱਸ ਦੇਈਏ ਕਿ ਸ਼ਹੀਦ ਜਵਾਨ ਕੁੰਦਨ ਦੀ ਦੇਹ ਦੇ ਵੀਰਵਾਰ ਤੱਕ ਅੱਪੜਨ ਦੀ ਉਮੀਦ ਹੈ ।

ਪਰਿਵਾਰ ਨੂੰ ਕੁੰਦਨ ਦੀ ਸ਼ਹਾਦਤ 'ਤੇ ਮਾਣ:-

ਭਾਰਤ ਮਾਂ ਦੀ ਰੱਖਿਆ ਦੀ ਖ਼ਾਤਿਰ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਜਿੱਥੇ ਪਰਿਵਾਰ ਨੂੰ ਉਹਨਾਂ 'ਤੇ ਮਾਣ ਹੈ ਉੱਥੇ ਹੀ ਮਨ 'ਚ ਸੋਗ ਦੀ ਲਹਿਰ ਵੀ ਹੈ ਕਿ ਪਿਤਾ ਤੋਂ ਉਸਦਾ ਜਵਾਨ ਪੁੱਤ , ਪਤਨੀ ਤੋਂ ਉਸਦਾ ਪਤੀ , ਭਰਾਵਾਂ ਦਾ ਭਰਾ ਅਤੇ ਨਵ-ਜੰਮੀ ਧੀ ਦਾ ਪਿਓ ਸਦਾ ਲਈ ਉਹਨਾਂ ਤੋਂ ਵਿੱਛੜ ਗਿਆ ਹੈ ।

Related Post