ਦੇਸ਼ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕ ਦਿਨ 'ਚ 6088 ਨਵੇਂ ਮਾਮਲਿਆਂ ਦੀ ਪੁਸ਼ਟੀ, 148 ਮੌਤਾਂ

By  Shanker Badra May 22nd 2020 11:07 AM

ਦੇਸ਼ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕ ਦਿਨ 'ਚ 6088 ਨਵੇਂ ਮਾਮਲਿਆਂ ਦੀ ਪੁਸ਼ਟੀ, 148 ਮੌਤਾਂ:ਨਵੀਂ ਦਿੱਲੀ : ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਦਾ ਖਤਰਨਾਕ ਹੁੰਦਾ ਦਿਖਾਈ ਦੇ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ਭਰ 'ਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਦੇ ਇਕ ਦਿਨ 'ਚ 6 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਣ ਕਾਰਨ ਹੁਣ ਪੀੜਤਾਂ ਦਾ ਅੰਕੜਾ 1 ਲੱਖ 18 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ ਪਰ ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ 48,534 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6088 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 148 ਲੋਕਾਂ ਦੀ ਮੌਤ ਹੋਈ ਹੈ। ਇਸ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 3234 ਲੋਕਾਂ ਨੇ ਇਸ ਵਾਇਰਸ ਤੋਂ ਮੁਕਤੀ ਪਾਈ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਿਕ ਸ਼ੁੱਕਰਵਾਰ (22 ਮਈ) ਸਵੇਰੇ 8 ਵਜੇ ਤਕ ਦੇਸ਼ ਵਿਚ ਕੋਰੋਨਾ ਦੇ ਕੁੱਲ 1,18,447 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ ਵਧ ਕੇ 3,583 ਤਕ ਪਹੁੰਚ ਗਿਆ ਹੈ। ਫਿਲਹਾਲ 66,330 ਐਕਟਿਵ ਮਰੀਜ਼ ਹਨ,ਜਿਨ੍ਹਾਂ ਦਾ ਇਲਾਜ ਹਸਪਤਾਲਾਂ 'ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ 48,534 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ 'ਚ ਸਭ ਤੋਂ ਜਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ ਕੁੱਲ ਪੀੜਤ ਮਾਮਲਿਆਂ 'ਚ ਇਕ ਤਿਹਾਈ ਤੋਂ ਜਿਆਦਾ ਹਿੱਸਾ ਇੱਥੋ ਦਾ ਹੈ। ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ 2345 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਪੀੜਤਾਂ ਦੀ ਗਿਣਤੀ ਵੱਧ ਕੇ 41642 ਤੱਕ ਪਹੁੰਚ ਗਈ ਹੈ ਅਤੇ ਕੁੱਲ 1454 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 11726 ਲੋਕ ਠੀਕ ਵੀ ਹੋ ਚੁੱਕੇ ਹਨ।

-PTCNews

Related Post