ਕੇਂਦਰ ਸਰਕਾਰ ਇਰਾਕ ਵਿਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਦੀ ਮਦਦ ਕਰੇ - ਸੁਨੀਲ ਜਾਖੜ

By  Joshi March 26th 2018 03:23 PM

ਕੇਂਦਰ ਸਰਕਾਰ ਅਸੰਵੇਦਨਸ਼ੀਲਤਾ ਤਿਆਗ ਕੇ, ਹਮਦਰਦੀ ਨਾਲ ਵਿਚਾਰੇ ਪੀੜਤ ਪਰਿਵਾਰਾਂ ਦੀ ਮੰਗ

ਚੰਡੀਗੜ: ਕੇਂਦਰ ਸਰਕਾਰ ਨੂੰ ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਦੇ ਦੁੱਖ ਨੂੰ ਸਮਝਦਿਆਂ ਹਮਦਰਦੀ ਨਾਲ ਇੰਨਾਂ ਦੀਆਂ ਮੰਗਾਂ ਸੁਣਕੇ ਉਨਾਂ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਇੰਨਾਂ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।

ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅੱਜ ਨਵੀਂ ਦਿੱਲੀ ਵਿਚ ਇੰਨਾਂ ਪਰਿਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਮੌਕੇ ਅ੍ਰੰਮਿਤਸਰ ਤੋਂ ਸਾਂਸਦ ਸ: ਗੁਰਜੀਤ ਸਿੰਘ ਔਜਲਾ ਵੀ ਉਨਾਂ ਦੇ ਨਾਲ ਹਾਜਰ ਸਨ। ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇੰਨਾਂ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਇੰਨਾਂ ਦੇ ਜ਼ਖਮਾਂ ਤੇ ਮਲੱਮ ਲਗਾਏ। ਪਰ ਕੇਂਦਰ ਸਰਕਾਰ ਇੰਨਾਂ ਦੀਆਂ ਸੰਵੇਦਨਾਵਾਂ ਨੂੰ ਸਮਝਨ ਦੀ ਬਜਾਏ ਪੀੜਤ ਪਰਿਵਾਰਾਂ ਦੇ ਜ਼ਖਮਾਂ ਤੇ ਲੂਣ ਛਿੱੜਕ ਰਹੀ ਹੈ। ਉਨਾਂ ਕਿਹਾ ਕਿ ਜੇਕਰ ਇਹ ਪਰਿਵਾਰ ਕੇਂਦਰ ਸਰਕਾਰ ਨੂੰ ਮਿਲ ਕੇ ਆਪਣੀ ਵਿਅਥਾ ਦੱਸਣੀ ਚਾਹੁੰਦੇ ਹਨ ਤਾਂ ਅਜਿਹੇ ਵਿਚ 5 ਵਿਅਕਤੀ ਹੀ ਮਿਲਣ ਆਊਣ ਅਜਿਹੀਆਂ ਸ਼ਰਤਾਂ ਲਗਾਉਣੀਆਂ ਮੰਦਭਾਗੀਆਂ ਹਨ। ਉਨਾਂ ਕਿਹਾ ਕਿ ਬੀਤੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿਚ ਵੀ ਇੰਨਾਂ ਪੀੜਤ ਪਰਿਵਾਰਾਂ ਲਈ ਹਮਦਰਦੀ ਦੇ ਦੋ ਬੋਲ ਤੱਕ ਬੋਲਣੇ ਉਚਿਤ ਨਹੀਂ ਸਮਝੇ ਜਿਸ ਤੋਂ ਇਸ ਮੁੱਦੇ ਤੇ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾਂ ਦਾ ਪ੍ਰਗਟਾਵਾ ਹੁੰਦਾ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਹ ਲੋਕ ਰੋਜੀ ਰੋਟੀ ਲਈ ਵਿਦੇਸ਼ ਗਏ ਸਨ ਅਤੇ ਮਾਰੇ ਗਏ ਭਾਰਤੀਆਂ ਵਿਚ ਵੱਖ ਵੱਖ ਰਾਜਾਂ ਦੇ ਵਸਿੰਦੇ ਸ਼ਾਮਿਲ ਹਨ। ਉਨ ਕਿਹਾ ਕਿ ਇਸ ਲਈ ਇਸ ਸਬੰਧੀ ਕੇਂਦਰ ਸਰਕਾਰ ਨੂੰ ਇੰਨਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇੰਨਾਂ ਦੇ ਕਮਾਊ ਮੈਂਬਰ ਦੀ ਮੌਤ ਹੋ ਜਾਣ ਬਾਅਦ ਇਹ ਪਰਿਵਾਰ ਬਹੁਤ ਦੁੱਖੀ ਹਨ।

ਸ੍ਰੀ ਜਾਖੜ ਨੇ ਕਿਹਾ ਕਿ ਜਿਸ ਦਿਨ ਵਿਦੇਸ਼ ਮੰਤਰੀ ਨੇ ਸਦਨ ਵਿਚ ਇੰਨਾਂ ਭਾਰਤੀਆਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਸੀ ਚੰਗਾ ਹੁੰਦਾ ਮੋਦੀ ਸਰਕਾਰ ਉਸੇ ਦਿਨ ਹੀ ਇੰਨਾਂ ਦੀ ਮਦਦ ਦਾ ਵੀ ਐਲਾਨ ਕਰ ਦਿੰਦੀ ਤਾਂ ਜੋ ਇੰਨਾਂ ਨੂੰ ਦਿੱਲੀ ਤੱਕ ਚੱਲ ਕੇ ਨਾ ਆਉਣਾ ਪੈਂਦਾ। ਪਰ ਦਿੱਲੀ ਦੀ ਅਸੰਵੇਦਨਸ਼ੀਲ ਸਰਕਾਰ ਅੱਜ ਇੰਨਾਂ ਪਰਿਵਾਰਾਂ ਨੂੰ ਦਿੱਲੀ ਵਿਚ ਬੁਲਾ ਕੇ ਵੀ ਇੰਨਾਂ ਦੀ ਗੱਲ ਨਹੀਂ ਸੁਣ ਰਹੀ ਹੈ। ਜਦ ਕਿ ਲੋਕ ਸਭਾ ਵਿਚ ਅਜਿਹੇ ਮੁੱਦੇ ਨਾ ਉਠ ਸਕਨ ਇਸ ਲਈ ਕੇਂਦਰ ਸਰਕਾਰ ਸਦਨ ਵੀ ਨਹੀਂ ਚੱਲਣ ਦੇ ਰਹੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਇੰਨਾਂ ਪਰਿਵਾਰਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇੰਨਾਂ ਪਰਿਵਾਰਾਂ ਸਮੇਤ ਸਦਨ ਪਰਿਸਰ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਕੋਲ ਸਰਕਾਰ ਖਿਲਾਫ ਪ੍ਰਦਰਸ਼ਨ ਕਰਣਗੇ।

ਸ੍ਰੀ ਜਾਖੜ ਨੇ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਦੂਤਾਵਾਸਾਂ ਨੂੰ ਚਾਹੀਦਾ ਹੈ ਕਿ ਉਥੇ ਕੰਮ ਲਈ ਗਏ ਭਾਰਤੀਆਂ ਦਾ ਉਚਿਤ ਮਾਰਗਦਰਸ਼ਨ ਕੀਤਾ ਜਾਵੇ ਅਤੇ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਤਾਂ ਜੋ ਅਜਿਹੀਆਂ ਮਾਰੂ ਘਟਨਾਵਾਂ ਦਾ ਸ਼ਿਕਾਰ ਨਾ ਬਣਨ।

ਨਾਲ ਹੀ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇੰਨਾਂ ਪਰਿਵਾਰਾਂ ਨਾਲ ਡੱਟ ਕੇ ਖੜੀ ਹੈ ਅਤੇ ਸੂਬਾ ਸਰਕਾਰ ਵੱਲੋਂ ਇੰਨਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

—PTC News

Related Post