ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਸ਼ਰਾਬ ਦੇ ਠੇਕਿਆਂ ਦੀ ਜਾਂਚ

By  Jasmeet Singh August 19th 2022 06:43 PM

ਅੰਮ੍ਰਿਤਸਰ, 19 ਅਗਸਤ: ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿੱਕਰੀ ਨੂੰ ਰੋਕਣ ਅਤੇ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਚੁੱਕੇ ਗਏ ਕਦਮਾਂ ਤਹਿਤ ਅੱਜ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਨਿਰਦੇਸ਼ਾਂ ਉੱਤੇ ਕਾਰਵਾਈ ਕਰਦੇ ਰਾਜਪਾਲ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਜਲੰਧਰ ਜ਼ੋਨ ਤੇ ਹਨੂਮੰਤ ਸਿੰਘ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਸ਼ਰਾਬ ਦੇ ਠੇਕਿਆਂ ਦੀ ਜਾਂਚ ਕੀਤੀ।

ਇਸ ਜਾਂਚ ਵਿੱਚ ਸ਼ਰਾਬ ਦੇ ਲਾਇਸੰਸੀਆਂ ਵੱਲੋਂ ਅਣਅਧਿਕਾਰਤ ਸ਼ਰਾਬ ਵੇਚਣ, ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ, ਬਿਨਾਂ ਪਾਸ ਪਰਮਿਟ ਪੇਟੀਆਂ ਵੇਚਣ ਤੇ ਬਿਨਾਂ ਹੋਲੋਗ੍ਰਾਮ ਦੇ ਵਿਦੇਸ਼ੀ ਸ਼ਰਾਬ ਰੱਖਣ ਵਾਲਿਆਂ ਨੂੰ ਵਿਸ਼ੇਸ਼ ਤੌਰ ਉੱਤੇ ਵਾਚਿਆ। ਇਸ ਜਾਂਚ ਦੌਰਾਨ ਗਰੁੱਪ ਨਿਊ ਅੰਮ੍ਰਿਤਸਰ ਦੀ ਫ਼ਰਮ ਦਲਬੀਰ ਸਿੰਘ ਪੰਨੂ ਦੇ ਠੇਕਿਆਂ ਤੋਂ ਅਣਅਧਿਕਾਰਤ ਤੌਰ ਉੱਤੇ ਰੱਖੀਆਂ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਦੀਆਂ 70 ਪੇਟੀਆਂ ਬਰਾਮਦ ਕੀਤੀਆਂ, ਜਿਸ ਦਾ ਲਾਇਸੰਸੀ ਵੱਲੋਂ ਰਜਿਸਟਰ ਵਿੱਚ ਕੋਈ ਵੀ ਇੰਦਰਾਜ ਦਰਜ ਨਹੀਂ ਕੀਤਾ ਗਿਆ।

ਦੂਸਰੀ ਟੀਮ ਵੱਲੋਂ ਗਰੁੱਪ ਤਰਨਤਾਰਨ ਰੋਡ ਦੀ ਫ਼ਰਮ ਅਮਰੀਕ ਸਿੰਘ ਬਾਜਵਾ ਦੇ ਠੇਕਿਆਂ ਤੋਂ 25 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ, ਜੋ ਬਿਨਾਂ ਹੋਲੋਗ੍ਰਾਮ ਦੇ ਸੀ ਅਤੇ ਰਜਿਸਟਰ ਵਿੱਚ ਵੀ ਕੋਈ ਇੰਦਰਾਜ ਨਹੀਂ ਸੀ। ਤੀਸਰੀ ਟੀਮ ਵੱਲੋਂ ਹਯਾਤ ਹੋਟਲ ਦੇ ਬਿਲਕੁਲ ਨਾਲ ਲੱਗਦੀ ਜਗਾ ਉੱਤੇ ਰੇਡ ਕਰ ਕੇ 128 ਬੋਤਲਾਂ ਅੰਗਰੇਜ਼ੀ ਸ਼ਰਾਬ ਤੇ 108 ਬੋਤਲਾਂ ਬੀਅਰ ਦਾ ਸਟਾਕ ਬਰਾਮਦ ਕੀਤਾ ਗਿਆ।

ਇਹ ਜਗਾ ਦਲਬੀਰ ਸਿੰਘ ਪੰਨੂ ਵੱਲੋਂ ਬਤੌਰ ਨਿੱਜੀ ਦਫ਼ਤਰ ਵਰਤੀ ਜਾ ਰਹੀ ਸੀ, ਜਿੱਥੇ ਠੇਕੇਦਾਰ ਵੱਲੋਂ ਬਿਨਾਂ ਪਾਸ ਪਰਮਿਟ ਦੇ ਅਣਅਧਿਕਾਰਤ ਸ਼ਰਾਬ ਰੱਖੀ ਹੋਈ ਸੀ। ਟੀਮਾਂ ਨੇ ਉਕਤ ਸ਼ਰਾਬ ਜ਼ਬਤ ਕਰ ਕੇ ਸਬੰਧਿਤ ਵਿਅਕਤੀਆਂ ਤੇ ਫ਼ਰਮਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਅਧਿਕਾਰੀ ਹਨੂੰਮੰਤ ਸਿੰਘ ਨੇ ਦੱਸਿਆ ਕਿ ਸਾਡੀਆਂ ਟੀਮਾਂ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿੱਕਰੀ ਰੋਕਣ ਲਈ ਦਰਿਆ ਬਿਆਸ ਤੇ ਰਾਵੀ ਦੇ ਨਾਲ ਲੱਗਦੇ ਇਲਾਕੇ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇੰਨਾ ਇਲਾਕਿਆਂ ਵਿਚੋਂ ਹਜ਼ਾਰਾਂ ਲੀਟਰ ਲਾਹਣ ਨਸ਼ਟ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਤੱਕ ਹੋਰ ਲਾਇਸੰਸੀਆਂ ਦੀ ਵੀ ਜਾਂਚ ਟੀਮਾਂ ਵੱਲੋਂ ਕੀਤੀ ਜਾਵੇਗੀ ਅਤੇ ਇਹ ਛਾਪੇ ਅਚਨਚੇਤ ਮਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਦੀ ਸਾਰੀ ਕਾਰਵਾਈ ਹੇਮੰਤ ਸ਼ਰਮਾ, ਹਰਜੋਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਗੌਤਮ ਗੋਬਿੰਦ ਵੈਸ਼, ਨਵਜੋਤ ਭਾਰਤੀ, ਰਜਿੰਦਰ ਤਨਵਰ ਦੀ ਅਗਵਾਈ ਹੇਠ ਆਬਕਾਰੀ ਟੀਮਾਂ ਨੇ ਹਿੱਸਾ ਲਿਆ।

-PTC News

Related Post