ਅੰਤਰਰਾਸ਼ਟਰੀ ਨਗਰ ਕੀਰਤਨ ਨੇ ਕਰਨਾਲ ਤੋਂ ਕੈਥਲ ਲਈ ਪਾਏ ਚਾਲੇ

By  Jashan A October 6th 2019 06:20 PM

ਅੰਤਰਰਾਸ਼ਟਰੀ ਨਗਰ ਕੀਰਤਨ ਨੇ ਕਰਨਾਲ ਤੋਂ ਕੈਥਲ ਲਈ ਪਾਏ ਚਾਲੇ,ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹਰਿਆਣਾ ਵਿਖੇ ਥਾਂ-ਥਾਂ ਭਰਵਾਂ ਸਵਾਗਤ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਹਰਿਆਣਾ ਰਾਜ ਵਿਚ ਨਗਰ ਕੀਰਤਨ ਦੇ ਸੰਗਤਾਂ ਦਰਸ਼ਨ ਕਰ ਰਹੀਆਂ ਹਨ। ਬੀਤੇ ਕੱਲ੍ਹ ਨਗਰ ਕੀਰਤਨ ਕਰਨਾਲ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਪੁੱਜਾ ਤਾਂ ਸੰਗਤਾਂ ਨੇ ਖ਼ਾਲਸਈ ਜੈਕਾਰਿਆਂ ਨਾਲ ਸਵਾਗਤ ਕੀਤਾ।

ਇਥੇ ਰਾਤ ਦੇ ਵਿਸ਼ਰਾਮ ਮਗਰੋਂ ਅੱਜ ਨਗਰ ਕੀਰਤਨ ਦੇ ਗੁਰਦੁਆਰਾ ਨਿੰਮ ਸਾਹਿਬ ਕੈਥਲ ਲਈ ਰਵਾਨਾ ਹੋਣ ਸਮੇਂ ਵੀ ਹਜ਼ਾਰਾਂ ਸੰਗਤਾਂ ਮੌਜੂਦ ਸਨ। ਰਵਾਨਗੀ ਤੋਂ ਪਹਿਲਾਂ ਇਥੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਤੇ ਕਥਾਵਾਚਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸਕ ਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਬਾਬਾ ਜੋਗਾ ਸਿੰਘ ਕਰਨਾਲ, ਨਿਸ਼ਾਨ ਸਿੰਘ, ਭਾਈ ਮੰਗਪ੍ਰੀਤ ਸਿੰਘ, ਭਾਈ ਬਹਾਲ ਸਿੰਘ, ਸਗੁਰਪ੍ਰੀਤ ਸਿੰਘ ਰੋਡੇ, ਪਰਮਜੀਤ ਸਿੰਘ ਇੰਚਾਰਜ ਆਦਿ ਮੌਜੂਦ ਸਨ।

ਵਰਨਣਯੋਗ ਹੈ ਕਿ ਪਹਿਲੀ ਅਗਸਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਹ ਅੰਤਰਰਾਸ਼ਟਰੀ ਨਗਰ ਕੀਰਤਨ ਹੁਣ ਤੱਕ ਭਾਰਤ ਦੇ 16 ਸੂਬਿਆਂ ਦੀ ਯਾਤਰਾ ਕਰ ਚੁੱਕਾ ਹੈ।

ਹਰ ਸੂਬੇ ਅੰਦਰ ਸੰਗਤਾਂ ਦਾ ਉਤਸ਼ਾਹ ਮਿਸਾਲੀ ਰਿਹਾ ਹੈ। ਇਸ ਦੌਰਾਨ ਸਿੱਖ ਸੰਗਤਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕ ਵੀ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ।

ਇਹ ਵੀ ਦੱਸਣਯੋਗ ਹੈ ਕਿ ਨਗਰ ਕੀਰਤਨ ਦੌਰਾਨ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ, ਕੇਂਦਰੀ ਮੰਤਰੀ, ਰਾਜਪਾਲ, ਮੈਂਬਰ ਪਾਰਲੀਮੈਂਟ ਅਤੇ ਹੋਰ ਸਥਾਨਕ ਪ੍ਰਮੁੱਖ ਆਗੂਆਂ ਨੇ ਵੱਖ ਵੱਖ ਥਾਵਾਂ ’ਤੇ ਪਹੁੰਚ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ।

-PTC News

Related Post