ਜੰਮੂ-ਕਸ਼ਮੀਰ 'ਚ ਟਲਿਆ ਵੱਡਾ ਅੱਤਵਾਦੀ ਹਮਲਾ, ਪੁਲਵਾਮਾ ਵਰਗੇ ਹਮਲੇ ਦੀ ਸਾਜਿਸ਼ ਨਾਕਾਮ

By  Shanker Badra May 28th 2020 10:51 AM

ਜੰਮੂ-ਕਸ਼ਮੀਰ 'ਚ ਟਲਿਆ ਵੱਡਾ ਅੱਤਵਾਦੀ ਹਮਲਾ, ਪੁਲਵਾਮਾ ਵਰਗੇ ਹਮਲੇ ਦੀ ਸਾਜਿਸ਼ ਨਾਕਾਮ:ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸੁਰੱਖਿਆ ਬਲਾਂ ਨੇ ਅੱਜ ਪੁਲਵਾਮਾ ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇੱਥੇ ਪੁਲਵਾਮਾ ਨੇੜੇ ਇੱਕਸੈਂਟਰੋ ਕਾਰਵਿੱਚ ਆਈ.ਈ.ਡੀ ਬੰਬ ਲਗਾਇਆ ਗਿਆ ਸੀ। ਜਿਸ ਦੀ ਸਮੇਂ ਸਿਰ ਹੀ ਪਹਿਚਾਣ ਕਰ ਲਈ ਗਈ ਅਤੇ ਬੰਬ ਡਿਸਪੋਜ਼ਲ ਟੁਕੜੀ ਨੇ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਰਾਜਪੋਰਾ ਇਲਾਕੇ ਵਿਚ ਸਥਿਤ ਆਈਨਗੁੰਡ ਤੋਂ ਇਸ ਕਾਰ ਨੂੰ ਜ਼ਬਤ ਕੀਤਾ ਹੈ। ਇਸ ਕਾਰ 'ਚ ਵੱਡੀ ਮਾਤਰਾ ਵਿਚ ਆਈ.ਈ.ਡੀ. ਬਰਾਮਦ ਹੋਈ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਨੂੰ ਸੁਰੱਖਿਆ ਦਸਤਿਆਂ ਦੇ ਕਿਸੇ ਕਾਫਿਲੇ 'ਤੇ ਹਮਲੇ ਲਈ ਇੱਥੇ ਲਾਇਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਇੱਕ ਅੱਤਵਾਦੀ ਚਲਾ ਰਿਹਾ ਸੀ, ਜੋ ਸ਼ੁਰੂਆਤੀ ਫਾਇਰਿੰਗ ਤੋਂ ਬਾਅਦ ਹੀ ਭੱਜ ਗਿਆ ਹੈ। ਇਹ ਕੇਸ ਹੁਣ NIA ਦੇ ਹਵਾਲੇ ਕੀਤਾ ਜਾ ਰਿਹਾ ਹੈ। ਪੁਲਵਾਮਾ ਦੇ ਰਾਜਪੁਰਾ ਰੋਡ ਨੇੜੇ ਸ਼ਾਦੀਪੁਰਾ ਵਿਖੇ ਗੱਡੀ ਨੂੰ ਫੜ ਲਿਆ ਗਿਆ ਹੈ। ਇਸ ਮਗਰੋਂ ਬੰਬ ਡਿਸਪੋਜ਼ਲ ਦਸਤੇ ਨੂੰ ਬੁਲਾਇਆ ਗਿਆ ਅਤੇ ਆਖਰਕਾਰ ਇਸ IED ਧਮਾਕੇ ਨੂੰ ਟਾਲ ਦਿੱਤਾ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਪੁਲਵਾਮਾ ਵਿੱਚ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿੱਚ ਇਸੇ ਤਰ੍ਹਾਂ ਇੱਕ ਗੱਡੀ ਵਿੱਚ ਬੰਬ ਰੱਖਿਆ ਗਿਆ ਸੀ ਅਤੇ ਇਸ ਨੂੰ CRPF ਦੇ ਕਾਫਲੇ ਵਿੱਚ ਵਾੜ ਦਿੱਤਾ ਗਿਆ ਸੀ। ਇਸ ਅੱਤਵਾਦੀ ਹਮਲੇ ਵਿੱਚ ਤਕਰੀਬਨ 45 ਜਵਾਨ ਸ਼ਹੀਦ ਹੋ ਗਏ ਸਨ।

-PTCNews

Related Post