ਸੁਸ਼ਾਂਤ ਖ਼ੁਦਕੁਸ਼ੀ ਮਾਮਲਾ- 'ਕੰਗਣਾ ਰਨੌਤ' ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ , ਅਹਿਮ ਜਾਣਕਾਰੀ ਮਿਲਣ ਦੇ ਆਸਾਰ

By  Kaveri Joshi July 22nd 2020 05:41 PM -- Updated: July 22nd 2020 06:28 PM

ਮੁੰਬਈ -ਸੁਸ਼ਾਂਤ ਖ਼ੁਦਕੁਸ਼ੀ ਮਾਮਲਾ- 'ਕੰਗਣਾ ਰਨੌਤ' ਤੋਂ ਪੁੱਛਗਿੱਛ ਕਰੇਗੀ ਮੁੰਬਈ ਪੁਲਿਸ , ਅਹਿਮ ਜਾਣਕਾਰੀ ਮਿਲਣ ਦੇ ਆਸਾਰ: ਸੁਸ਼ਾਂਤ ਖੁਦਕੁਸ਼ੀ ਮਾਮਲਾ ਅਜੇ ਗੁੰਝਲਦਾਰ ਲੜੀ 'ਚ ਬੰਨ੍ਹਿਆ ਹੋਇਆ ਹੈ, ਜਿਸਦੇ ਚਲਦੇ ਇਸ ਮਾਮਲੇ 'ਚ ਪੁਲਿਸ ਲਗਾਤਾਰ ਫ਼ਿਲਮੀ ਜਗਤ ਦੇ ਲੋਕਾਂ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਬੀਆਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਦੱਸ ਦੇਈਏ ਕਿ ਇਸ ਕੇਸ ਤਹਿਤ ਹੁਣ ਮੁੰਬਈ ਪੁਲਿਸ ਵੱਲੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।

ਖ਼ਬਰਾਂ ਮੁਤਾਬਕ ਕੰਗਨਾ ਰਨੌਤ ਜਦੋਂ ਆਪਣੇ ਘਰ ਤੋਂ ਪਰਤੇਗੀ ਤਾਂ ਪੁਲਿਸ ਵੱਲੋਂ ਉਸ ਤੋਂ ਸਵਾਲ ਪੁੱਛੇ ਜਾ ਸਕਦੇ ਹਨ । ਦੱਸ ਦੇਈਏ ਕਿ ਕੰਗਨਾ ਰਨੌਤ ਨੂੰ ਪਿਛਲੇ ਮਹੀਨੇ ਮੁੰਬਈ ਪੁਲਿਸ ਜਾਂਚ ਟੀਮ ਵੱਲੋਂ ਨੋਟਿਸ ਭੇਜਿਆ ਗਿਆ ਸੀ ,ਜਿਸਨੂੰ ਅਦਾਕਾਰਾ ਦੀ ਗ਼ੈਰਮੌਜੂਦਗੀ 'ਚ ਉਨ੍ਹਾਂ ਦੇ ਸਟਾਫ਼ ਮੈਂਬਰ ਨੂੰ ਸੌਂਪ ਦਿੱਤਾ ਸੀ, ਕਿਉਂਕਿ ਕੰਗਨਾ ਰਨੌਤ ਅੱਜਕੱਲ੍ਹ ਮੁੰਬਈ ਵਿਖੇ ਨਹੀਂ ਬਲਕਿ ਹਿਮਾਚਲ ਪ੍ਰਦੇਸ਼ ਸਥਿੱਤ ਆਪਣੇ ਘਰ ਵਿਖੇ ਰਹਿ ਰਹੀ ਹੈ।

ਇੱਕ ਰਿਪੋਰਟ ਦੇ ਅਨੁਸਾਰ ਕੰਗਨਾ ਕੋਲੋਂ ਸੁਸ਼ਾਂਤ ਖੁਦਕੁਸ਼ੀ ਕੇਸ ਨਾਲ ਜੁੜੀ ਜਾਣਕਾਰੀ ਬਾਰੇ ਪੁੱਛਿਆ ਜਾ ਸਕਦਾ ਹੈ। ਪੁਲਿਸ ਪੁੱਛ ਸਕਦੀ ਹੈ ਕਿ ਕੀ ਉਨ੍ਹਾਂ ਕੋਲ ਕੋਈ ਐਸੀ ਜਾਣਕਾਰੀ ਹੈ ਜਿਸ ਤੋਂ ਇਹ ਪਤਾ ਲੱਗ ਸਕਦਾ ਹੋਵੇ ਕਿ ਸੁਸ਼ਾਂਤ ਨੇ ਆਤਮ-ਹੱਤਿਆ ਕਿਉਂ ਕੀਤੀ? ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਬਿਆਨਾਂ ਤੋਂ ਮਹੱਤਵਪੂਰਨ ਜਾਣਕਾਰੀ ਮਿਲ ਸਕਦੀ ਹੈ ਅਤੇ ਉਹਨਾਂ ਲੋਕਾਂ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ , ਜੋ ਸੁਸ਼ਾਂਤ ਦੇ ਅਕਸ ਅਤੇ ਭਵਿੱਖ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ।

ਦੱਸ ਦੇਈਏ ਕਿ ਐਕਟਰ ਰਾਜਪੂਤ ਸਿੰਘ ਨੇ ਜੂਨ ਮਹੀਨੇ ਦੀ 14 ਤਰੀਕ ਨੂੰ ਮੁੰਬਈ ਸਥਿੱਤ ਘਰ ਵਿਖੇ ਫ਼ਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ ਫ਼ਿਲਮ ਜਗਤ ਦੀਆਂ ਹੋਰਨਾਂ ਹਸਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।

Related Post