ਲੁਧਿਆਣਾ ’ਚ 69 ਸਾਲਾ ਔਰਤ ਕੋਰੋਨਾ ਦੀ ਲਪੇਟ 'ਚ, ਬੱਸ 'ਚ ਕੀਤਾ ਸੀ ਸਫ਼ਰ, ਪੰਜਾਬ 'ਚ ਪੀੜਤਾਂ ਦੀ ਗਿਣਤੀ ਹੋਈ 48

By  Shanker Badra April 3rd 2020 12:54 PM

ਲੁਧਿਆਣਾ ’ਚ 69 ਸਾਲਾ ਔਰਤ ਕੋਰੋਨਾ ਦੀ ਲਪੇਟ 'ਚ, ਬੱਸ 'ਚ ਕੀਤਾ ਸੀ ਸਫ਼ਰ, ਪੰਜਾਬ 'ਚ ਪੀੜਤਾਂ ਦੀ ਗਿਣਤੀ ਹੋਈ 48:ਲੁਧਿਆਣਾ : ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਸਮੁੱਚੀ ਦੁਨੀਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸ ਸਮੇਂ ਦੁਨੀਆ ਦੇ ਹਰ ਕੋਨੇ ਵਿਚੋਂ ਕੋਰੋਨਾ ਵਾਇਰਸ ਦੇ ਕਹਿਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹੁਣ ਲੁਧਿਆਣਾ ਦੇ ਸ਼ਿਮਲਾਪੁਰੀ ਦੀ ਵਸਨੀਕ 69 ਸਾਲਾ ਔਰਤ ਕੋਰੋਨਾ ਦੀ ਲਪੇਟ ਵਿਚ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਔਰਤ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਡਾ. ਬੱਗਾ ਮੁਤਾਬਕ ਔਰਤ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ। ਕੋਰੋਨਾ ਪੀੜਤ ਔਰਤ ਦੇ ਸੈਂਪਲ ਵੀਰਵਾਰ ਸਵੇਰੇ ਭੇਜੇ ਸਨ, ਜਿਸ ਦੀ ਰਿਪੋਰਟ ਰਾਤ 9 ਵਜੇ ਆਈ ਹੈ।

ਜਾਣਕਾਰੀ ਅਨੁਸਾਰ ਪੀੜਤ ਔਰਤ ਦੇ ਘਰ ਵਿਚ ਦੋ ਮੈਂਬਰ ਹਨ। ਇਹ ਔਰਤ 17 ਮਾਰਚ ਨੂੰ ਬੱਸ ਰਾਹੀਂ ਲੁਧਿਆਣਾ ਤੋਂ ਮੋਹਾਲੀ ਗਈ ਸੀ। ਮੋਹਾਲੀ ਵਿਚ ਉਹ ਆਪਣੀ ਭਤੀਜੇ ਦੇ ਘਰ ਰੁਕੀ ਸੀ ਅਤੇ 23 ਮਾਰਚ ਨੂੰ ਕੋਰੋਨਾ ਵਾਇਰਸ ਦੇ ਸਬੰਧ ਵਿਚ ਸ਼ੱਕੀ ਖੰਘ, ਜੁਕਾਮ, ਬੁਖ਼ਾਰ ਦੇ ਲੱਛਣ ਦਿਸਣੇ ਸ਼ੁਰੂ ਹੋ ਗਏ ਸਨ। ਇਸ ਮਗਰੋਂ 31 ਮਾਰਚ ਨੂੰ ਔਰਤ ਦੀ ਹਾਲਤ ਖ਼ਰਾਬ ਹੋ ਗਈ ਅਤੇ ਮੋਹਾਲੀ ਤੋਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

ਇਸ ਦੌਰਾਨ ਔਰਤ ਦੇ ਘਰ ਪੁੱਜੀ ਸਿਹਤ ਵਿਭਾਗ ਦੀਆਂ ਟੀਮਾਂ ਕਈ ਪਹਿਲੂਆਂ 'ਤੇ ਜਾਂਚ ਕਰ ਰਹੀਆਂ ਹਨ। ਜਾਂਚ ਵਿਚ ਲੱਗੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਔਰਤ ਮੋਹਾਲੀ ਵਿਚ ਕਿਸੇ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਨਾ ਆਈ ਹੋਵੇ ਕਿਉਂਕਿ ਮੋਹਾਲੀ ਵਿਚ ਕੋਰੋਨਾ ਇੰਫੈਕਟਿਡ ਮਰੀਜ਼ ਸਾਹਮਣੇ ਆਏ ਹਨ। ਜਦਕਿ ਦੂਜਾ ਖ਼ਦਸ਼ਾ ਇਹ ਵੀ ਹੈ ਕਿ ਔਰਤ ਨੂੰ ਬੱਸ ਵਿਚ ਸਫ਼ਰ ਦੌਰਾਨ ਕਿਸੇ ਤੋਂ ਲਾਗ ਨਾ ਲੱਗ ਗਈ ਹੋਵੇ। ਪਤਾ ਲੱਗਿਆ ਹੈ ਕਿ ਸ਼ੁੱਕਰਵਾਰ ਨੂੰ ਸਿਹਤ ਮਹਿਕਮੇ ਦੀ ਟੀਮ ਮੋਹਾਲੀ ਲਈ ਰਵਾਨਾ ਹੋਵੇਗੀ ਤੇ ਔਰਤ ਦੀ ਭਤੀਜੀ ਨੂੰ ਮਿਲੇਗੀ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 48 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ ‘ਚ ਨਵਾਂਸ਼ਹਿਰ -19, ਮੋਹਾਲੀ -10, ਹੁਸ਼ਿਆਰਪੁਰ -7, ਜਲੰਧਰ – 5,ਅੰਮ੍ਰਿਤਸਰ -2 ,ਲੁਧਿਆਣਾ -4 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 5 ਮੌਤਾਂ ਹੋ ਚੁੱਕੀਆਂ ਹਨ,ਜਿਨ੍ਹਾਂ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਵੀਰਵਾਰ ਸਵੇਰੇ ਅੰਮ੍ਰਿਤਸਰ ਦੇ ਹਸਪਤਾਲ ਵਿਚ ਮੌਤ ਹੋ ਗਈ ਹੈ।

-PTCNews

Related Post